ਹਨੀਮੂਨ ਕਤਲ ਕੇਸ: ਸੋਨਮ ਦੀ ਜ਼ਮਾਨਤ ਰੱਦ, ਸੁਪਰੀਮ ਕੋਰਟ ਨੇ 3 ਹਫ਼ਤਿਆਂ ‘ਚ ਸਰੰਡਰ ਦੇ ਦਿੱਤੇ ਹੁਕਮ

ਨਿਊਜ਼ ਪੰਜਾਬ

23 ਜੁਲਾਈ,2026

ਮੇਘਾਲਿਆ ਦੇ ਚਰਚਿਤ ਰਾਜਾ ਰਘੁਵੰਸ਼ੀ ਹਨੀਮੂਨ ਕਤਲ ਮਾਮਲੇ ਵਿੱਚ ਮੁੱਖ ਆਰੋਪੀ ਸੋਨਮ ਰਘੁਵੰਸ਼ੀ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਉਸ ਨੂੰ ਦਿੱਤੀ ਗਈ ਜ਼ਮਾਨਤ ਰੱਦ ਕਰਦਿਆਂ ਤਿੰਨ ਹਫ਼ਤਿਆਂ ਦੇ ਅੰਦਰ ਆਤਮ ਸਮਰਪਣ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਸਟਿਸ ਐੱਮ. ਐੱਮ. ਸੁੰਦਰੇਸ਼ ਅਤੇ ਜਸਟਿਸ ਪ੍ਰਸੰਨਾ ਬੀ. ਵਰਾਲੇ ਦੀ ਬੈਂਚ ਨੇ ਕਿਹਾ ਕਿ ਗ੍ਰਿਫ਼ਤਾਰੀ ਮੈਮੋ ਵਿੱਚ ਟਾਈਪਿੰਗ ਦੀ ਗਲਤੀ ਨੂੰ ਜ਼ਮਾਨਤ ਦਾ ਆਧਾਰ ਨਹੀਂ ਬਣਾਇਆ ਜਾ ਸਕਦਾ, ਕਿਉਂਕਿ ਸੋਨਮ ਨੂੰ ਗ੍ਰਿਫ਼ਤਾਰੀ ਦੇ ਕਾਰਨਾਂ ਦੀ ਪੂਰੀ ਜਾਣਕਾਰੀ ਸੀ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਮਾਮਲਾ ਹਾਲੇ ਟਰਾਇਲ ਦੇ ਅਹਿਮ ਪੜਾਅ ਵਿੱਚ ਹੈ ਅਤੇ ਇਸ ਸਮੇਂ ਆਰੋਪੀ ਦਾ ਜ਼ਮਾਨਤ ‘ਤੇ ਬਾਹਰ ਰਹਿਣਾ ਠੀਕ ਨਹੀਂ ਹੈ। ਹਾਲਾਂਕਿ, ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਛੇ ਮਹੀਨਿਆਂ ਦੇ ਅੰਦਰ ਟਰਾਇਲ ਪੂਰਾ ਨਹੀਂ ਹੁੰਦਾ ਤਾਂ ਸੋਨਮ ਮੁੜ ਜ਼ਮਾਨਤ ਲਈ ਅਰਜ਼ੀ ਦੇ ਸਕਦੀ ਹੈ।

ਯਾਦ ਰਹੇ ਕਿ ਇੰਦੌਰ ਦੇ ਕਾਰੋਬਾਰੀ ਰਾਜਾ ਰਘੁਵੰਸ਼ੀ ਦਾ ਵਿਆਹ ਮਈ 2025 ਵਿੱਚ ਸੋਨਮ ਨਾਲ ਹੋਇਆ ਸੀ ਅਤੇ ਹਨੀਮੂਨ ਦੌਰਾਨ ਮੇਘਾਲਿਆ ਵਿੱਚ ਉਹ ਰਹੱਸਮਈ ਢੰਗ ਨਾਲ ਲਾਪਤਾ ਹੋ ਗਿਆ ਸੀ। ਕੁਝ ਦਿਨਾਂ ਬਾਅਦ ਉਸ ਦੀ ਲਾਸ਼ ਇੱਕ ਡੂੰਘੀ ਖੱਡ ਵਿੱਚੋਂ ਬਰਾਮਦ ਹੋਈ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਦੌਰਾਨ ਸੋਨਮ, ਉਸ ਦੇ ਕਥਿਤ ਪ੍ਰੇਮੀ ਰਾਜ ਕੁਸ਼ਵਾਹਾ ਅਤੇ ਹੋਰ ਸਾਥੀਆਂ ਨੂੰ ਕਤਲ ਦੀ ਸਾਜ਼ਿਸ਼ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਸੀ। ਸੁਣਵਾਈ ਦੌਰਾਨ ਮੇਘਾਲਿਆ ਸਰਕਾਰ ਨੇ ਦਲੀਲ ਦਿੱਤੀ ਕਿ ਸੋਨਮ ਲੰਬੇ ਸਮੇਂ ਤੱਕ ਫਰਾਰ ਰਹੀ ਅਤੇ ਉਸ ਨੂੰ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਦੀ ਪੂਰੀ ਜਾਣਕਾਰੀ ਸੀ। ਅਦਾਲਤ ਨੇ ਸਰਕਾਰ ਦੀਆਂ ਦਲੀਲਾਂ ਨਾਲ ਸਹਿਮਤੀ ਜਤਾਉਂਦਿਆਂ ਸੋਨਮ ਦੀਆਂ ਸਾਰੀਆਂ ਦਲੀਲਾਂ ਰੱਦ ਕਰ ਦਿੱਤੀਆਂ। ਇਸ ਦੌਰਾਨ ਸੁਪਰੀਮ ਕੋਰਟ ਨੇ ਨੌਜਵਾਨਾਂ ਦੀ ਮਾਨਸਿਕ ਸਥਿਤੀ ‘ਤੇ ਵੀ ਚਿੰਤਾ ਜਤਾਈ ਅਤੇ ਕਿਹਾ ਕਿ ਅੱਜ ਦੀ ਪੀੜ੍ਹੀ ਜਾਣਕਾਰੀ ਤਾਂ ਬਹੁਤ ਰੱਖਦੀ ਹੈ, ਪਰ ਮਾਨਸਿਕ ਦਬਾਅ ਨੂੰ ਸਹਿਣ ਦੀ ਸਮਰੱਥਾ ਘਟਦੀ ਜਾ ਰਹੀ ਹੈ। ਨਾਲ ਹੀ ਅਦਾਲਤ ਨੇ ਪਰਿਵਾਰਾਂ ਨੂੰ ਵੀ ਨੌਜਵਾਨਾਂ ਨੂੰ ਭਾਵਨਾਤਮਕ ਸਹਾਰਾ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ।