ਫਰੀਦਕੋਟ ਧਰਨੇ ਤੋਂ ਪਹਿਲਾਂ ਕਿਸਾਨ ਆਗੂ ਹਾਊਸ ਅਰੈਸਟ, ਅੱਜ ਭੁੱਖ ਹੜਤਾਲ ਦਾ ਕੀਤਾ ਸੀ ਐਲਾਨ

ਨਿਊਜ਼ ਪੰਜਾਬ

9 ਸਤੰਬਰ,2026

ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਡੱਲੇਵਾਲ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਅਤੇ ਬੈਂਕਾਂ ਨਾਲ ਵਨ ਟਾਈਮ ਸੈਟਲਮੈਂਟ (ਓਟੀਐੱਸ) ਦੀ ਮੰਗ ਨੂੰ ਲੈ ਕੇ ਅੱਜ ਫਰੀਦਕੋਟ ਵਿੱਚ ਬੈਂਕ ਦੇ ਬਾਹਰ ਭੁੱਖ ਹੜਤਾਲ ਅਤੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ। ਇਸ ਪ੍ਰਦਰਸ਼ਨ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਵੱਲੋਂ ਕਈ ਜ਼ਿਲ੍ਹਿਆਂ ਵਿੱਚ ਕਿਸਾਨ ਆਗੂਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਅੰਮ੍ਰਿਤਸਰ ਦਿਹਾਤੀ ਨਾਲ ਲੱਗਦੇ ਇਲਾਕਿਆਂ ਤੋਂ ਇਲਾਵਾ ਤਰਨਤਾਰਨ, ਪੱਟੀ, ਹਰੀਕੇ, ਫਰੀਦਕੋਟ ਅਤੇ ਫਿਰੋਜ਼ਪੁਰ ਸਮੇਤ ਕਈ ਥਾਵਾਂ ’ਤੇ ਪੁਲਿਸ ਸਵੇਰੇ ਹੀ ਕਿਸਾਨ ਆਗੂਆਂ ਦੇ ਘਰਾਂ ’ਤੇ ਪਹੁੰਚੀ ਅਤੇ ਉਨ੍ਹਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ। ਅੰਮ੍ਰਿਤਸਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਜਗਜੀਤ ਸਿੰਘ ਡੱਲੇਵਾਲ ਸਮੇਤ ਕਾਕਾ ਕੋਟੜਾ, ਬੋਹੜ ਸਿੰਘ, ਦੀਪ ਮੰਡੀ ਅਤੇ ਹੋਰ ਕਿਸਾਨ ਆਗੂਆਂ ਨੂੰ ਹਾਊਸ ਅਰੈਸਟ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਇਹ ਕਾਰਵਾਈ ਉਨ੍ਹਾਂ ਨੂੰ ਫਰੀਦਕੋਟ ਵਿੱਚ ਹੋਣ ਵਾਲੇ ਰਾਜ ਪੱਧਰੀ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਕੀਤੀ ਗਈ ਹੈ। ਜਗਜੀਤ ਸਿੰਘ ਡੱਲੇਵਾਲ ਨੇ ਪੁਲਿਸ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਕਿਸਾਨਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਅਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਕਿਸਾਨ ਭੁੱਖ ਹੜਤਾਲ ਤੋਂ ਲੈ ਕੇ ਮਰਨ ਵਰਤ ਤੱਕ ਦਾ ਰਾਹ ਅਪਣਾਉਣ ਤੋਂ ਵੀ ਪਿੱਛੇ ਨਹੀਂ ਹਟਣਗੇ।

ਕਿਸਾਨ ਸੰਗਠਨਾਂ ਦਾ ਕਹਿਣਾ ਹੈ ਕਿ ਕਰਜ਼ਾ ਰਾਹਤ, ਕਰਜ਼ਾ ਮੁਆਫੀ ਅਤੇ ਬੈਂਕਾਂ ਨਾਲ ਵਨ ਟਾਈਮ ਸੈਟਲਮੈਂਟ ਰਾਹੀਂ ਕਰਜ਼ਿਆਂ ਦੇ ਨਿਪਟਾਰੇ ਦੀਆਂ ਮੰਗਾਂ ਕਿਸਾਨਾਂ ਨਾਲ ਜੁੜੇ ਗੰਭੀਰ ਆਰਥਿਕ ਮੁੱਦੇ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਉਠਾਉਣ ਤੋਂ ਰੋਕਿਆ ਜਾ ਰਿਹਾ ਹੈ। ਪੁਲਿਸ ਕਾਰਵਾਈ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਦੀ ਅਗਲੀ ਰਣਨੀਤੀ ’ਤੇ ਸਭ ਦੀ ਨਜ਼ਰ ਹੈ ਅਤੇ ਇਹ ਮਾਮਲਾ ਪੰਜਾਬ ਵਿੱਚ ਕਿਸਾਨ ਅੰਦੋਲਨ ਨੂੰ ਹੋਰ ਤੀਬਰ ਕਰਨ ਦੀ ਸੰਭਾਵਨਾ ਵੱਲ ਇਸ਼ਾਰਾ ਕਰ ਰਿਹਾ ਹੈ।