ਮੰਤਰੀ ਦੇ ਪ੍ਰੋਗਰਾਮ ’ਚ ਨਸ਼ਿਆਂ ’ਤੇ ਸਵਾਲ ਪੁੱਛਣ ਵਾਲੇ ਬਜ਼ੁਰਗ ਕਿਸਾਨ ਦੀ ਮੌਤ, 5 ਖ਼ਿਲਾਫ਼ FIR ਦਰਜ

ਨਿਊਜ਼ ਪੰਜਾਬ

8 ਸਤੰਬਰ,2026

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਸਰਕਾਰੀ ਪ੍ਰੋਗਰਾਮ ਦੌਰਾਨ ਨਸ਼ਿਆਂ ਨੂੰ ਲੈ ਕੇ ਸਵਾਲ ਕਰਨ ਵਾਲੇ ਬਜ਼ੁਰਗ ਕਿਸਾਨ ਗੁਲਜ਼ਾਰ ਸਿੰਘ ਦੀ ਜ਼ਹਿਰੀਲੀ ਚੀਜ਼ ਨਿਗਲਣ ਤੋਂ ਬਾਅਦ ਲੁਧਿਆਣਾ ਦੇ ਡੀਐੱਮਸੀਐੱਚ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਪੁਲਿਸ ਨੇ ਮ੍ਰਿਤਕ ਦੇ ਪੁੱਤਰ ਲਖਵਿੰਦਰ ਸਿੰਘ ਉਰਫ਼ ਲੱਖਾ ਦੇ ਬਿਆਨਾਂ ਦੇ ਆਧਾਰ ’ਤੇ 5 ਵਿਅਕਤੀਆਂ ਖ਼ਿਲਾਫ਼ FIR ਦਰਜ ਕੀਤੀ ਹੈ।ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚ ਸਰਪੰਚ ਅਤੇ ਇੱਕ ਪੰਚਾਇਤ ਮੈਂਬਰ ਵੀ ਸ਼ਾਮਲ ਹਨ।

1. ਬਲਜੀਤ ਸਿੰਘ @ ਰਾਜ (ਸਰਪੰਚ)

2. ਸੁਖਦੇਵ ਸਿੰਘ ਉਰਫ ਸੁੱਖਾ, ਕੰਡਕਟਰ

3. ਵਿੱਕੀ ਸਿੰਘ, ਮੈਂਬਰ ਪੰਚਾਇਤ

4. ਗੋਨਾ ਸਿੰਘ ਪੁੱਤਰ ਬਾਬੂ ਸਿੰਘ

5. ਬਲਜਿੰਦਰ ਕੌਰ ਸਰਪੰਚ

ਮਿਲੀ ਜਾਣਕਾਰੀ ਮੁਤਾਬਕ ਦਿੜ੍ਹਬਾ ‘ਚ ਮੰਤਰੀ ਹਰਪਾਲ ਚੀਮਾ ਦੇ ਇੱਕ ਪ੍ਰੋਗਰਾਮ ਦੌਰਾਨ ਬਜ਼ੁਰਗ ਕਿਸਾਨ ਗੁਲਜ਼ਾਰ ਸਿੰਘ ਨੇ ਖੁੱਲ੍ਹ ਕੇ ਸਵਾਲ ਕੀਤਾ ਸੀ, “ਮੇਰਾ ਪੁੱਤਰ ਸ਼ਰੇਆਮ ਚਿੱਟਾ ਪੀਂਦਾ ਹੈ, ਤੁਸੀਂ ਨਸ਼ਾ ਕਿਉਂ ਨਹੀਂ ਰੋਕਦੇ?” ਦੋਸ਼ ਹਨ ਕਿ ਸਵਾਲ ਪੁੱਛਣ ਤੋਂ ਬਾਅਦ ਬਜ਼ੁਰਗ ਨੂੰ ਪੁਲਿਸ ਹਿਰਾਸਤ ‘ਚ ਲਿਆ ਗਿਆ ਅਤੇ ਆਪ ਕਰਮਚਾਰੀਆਂ, ਪੰਚਾਇਤ ਮੈਂਬਰਾਂ ਤੇ ਮੰਤਰੀ ਦੇ ਸਮਰਥਕਾਂ ਵੱਲੋਂ ਕਥਿਤ ਤੌਰ ‘ਤੇ ਉਸ ‘ਤੇ ਮੰਤਰੀ ਤੋਂ ਮਾਫ਼ੀ ਮੰਗਣ ਲਈ ਭਾਰੀ ਦਬਾਅ ਪਾਇਆ ਗਿਆ। ਇਸ ਤੋਂ ਪਰੇਸ਼ਾਨ ਹੋ ਕੇ ਬਜ਼ੁਰਗ ਨੇ ਜ਼ਹਿਰੀਲੀ ਚੀਜ਼ ਨਿਗਲ ਲਈ।ਦੂਜੇ ਪਾਸੇ, ਮੌਤ ਤੋਂ ਪਹਿਲਾਂ ਦੀ ਦੱਸੀ ਜਾ ਰਹੀ ਵੀਡੀਓ ਵਿੱਚ ਗੁਲਜ਼ਾਰ ਸਿੰਘ ਵੱਲੋਂ ਕੁਝ ਵਿਅਕਤੀਆਂ ’ਤੇ ਗੰਭੀਰ ਦੋਸ਼ ਲਗਾਏ ਗਏ ਹਨ। ਵਿਰੋਧੀ ਧਿਰਾਂ ਨੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਦਿਆਂ ਨਿਰਪੱਖ ਜਾਂਚ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।