ਅੰਮ੍ਰਿਤਸਰ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਪੁਲਿਸ ਸਖ਼ਤ, ਰੈਸਟੋਰੈਂਟਾਂ ਤੇ ਕਲੱਬਾਂ ਲਈ ਨਵੇਂ ਹੁਕਮ ਜਾਰੀ

ਨਿਊਜ਼ ਪੰਜਾਬ

8 ਸਤੰਬਰ,2026

ਅੰਮ੍ਰਿਤਸਰ ਵਿੱਚ ਕਾਨੂੰਨ ਵਿਵਸਥਾ ਅਤੇ ਜਨਤਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਪੁਲਿਸ ਨੇ ਸਖ਼ਤੀ ਵਧਾ ਦਿੱਤੀ ਹੈ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਵੱਲੋਂ ਸ਼ਹਿਰ ਵਿੱਚ ਰੈਸਟੋਰੈਂਟਾਂ ਅਤੇ ਕਲੱਬਾਂ ਦੇ ਸੰਚਾਲਨ, ਉੱਚੀ ਆਵਾਜ਼ ਵਿੱਚ ਸੰਗੀਤ, ਸੜਕਾਂ ਅਤੇ ਫੁੱਟਪਾਥਾਂ ’ਤੇ ਨਾਜਾਇਜ਼ ਕਬਜ਼ਿਆਂ, ਪਟਾਕਿਆਂ ਦੀ ਵਿਕਰੀ ਤੇ ਵਰਤੋਂ ਅਤੇ ਵਾਹਨਾਂ ਵਿੱਚ ਹਥਿਆਰ ਰੱਖਣ ਸਮੇਤ 8 ਮੁੱਦਿਆਂ ਨੂੰ ਲੈ ਕੇ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ।

ਨਵੇਂ ਨਿਯਮਾਂ ਅਨੁਸਾਰ ਰੈਸਟੋਰੈਂਟਾਂ, ਕਲੱਬਾਂ ਅਤੇ ਲਾਇਸੰਸਸ਼ੁਦਾ ਖਾਣ-ਪੀਣ ਵਾਲੀਆਂ ਦੁਕਾਨਾਂ ਨੂੰ ਰਾਤ 12 ਵਜੇ ਤੱਕ ਬੰਦ ਕਰਨਾ ਲਾਜ਼ਮੀ ਹੋਵੇਗਾ, ਜਦਕਿ ਰਾਤ 11:30 ਵਜੇ ਤੋਂ ਬਾਅਦ ਕੋਈ ਨਵਾਂ ਆਰਡਰ ਨਹੀਂ ਲਿਆ ਜਾ ਸਕੇਗਾ ਅਤੇ ਨਵੇਂ ਗਾਹਕਾਂ ਨੂੰ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਰਾਤ 10 ਵਜੇ ਤੋਂ ਬਾਅਦ DJ, ਲਾਈਵ ਆਰਕੈਸਟਰਾ ਅਤੇ ਉੱਚੀ ਆਵਾਜ਼ ਵਿੱਚ ਸੰਗੀਤ ਚਲਾਉਣ ’ਤੇ ਪਾਬੰਦੀ ਰਹੇਗੀ। ਸੜਕਾਂ ਅਤੇ ਫੁੱਟਪਾਥਾਂ ’ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਦੇ ਵੀ ਹੁਕਮ ਦਿੱਤੇ ਗਏ ਹਨ ਤਾਂ ਜੋ ਟ੍ਰੈਫਿਕ ਜਾਮ ਅਤੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਲਈ ਵੀ ਸਖ਼ਤ ਨਿਯਮ ਬਣਾਏ ਗਏ ਹਨ। ਸਿਰਫ਼ ਲਾਇਸੰਸਸ਼ੁਦਾ ਦੁਕਾਨਾਂ ਤੋਂ ਪਟਾਕੇ ਵੇਚਣ ਦੀ ਇਜਾਜ਼ਤ ਹੋਵੇਗੀ ਅਤੇ ਹਸਪਤਾਲਾਂ, ਸਕੂਲਾਂ ਤੇ ਕਾਲਜਾਂ ਵਰਗੇ ਸਾਈਲੈਂਸ ਜ਼ੋਨਾਂ ਵਿੱਚ ਪਟਾਕੇ ਚਲਾਉਣ ’ਤੇ ਪਾਬੰਦੀ ਰਹੇਗੀ। ਦੀਵਾਲੀ, ਕ੍ਰਿਸਮਸ, ਨਵੇਂ ਸਾਲ ਅਤੇ ਗੁਰੂਪੁਰਬ ਮੌਕੇ ਪਟਾਕੇ ਚਲਾਉਣ ਲਈ ਵੱਖ-ਵੱਖ ਸਮਾਂ ਵੀ ਨਿਰਧਾਰਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਰਾਬ ਦੇ ਅਹਾਤਿਆਂ ਨੂੰ ਵੀ ਰਾਤ 12 ਵਜੇ ਤੱਕ ਜਾਂ ਲਾਇਸੈਂਸ ਦੀਆਂ ਸ਼ਰਤਾਂ ਅਨੁਸਾਰ ਬੰਦ ਕਰਨਾ ਹੋਵੇਗਾ। ਪੁਲਿਸ ਨੇ ਸਾਰੀਆਂ ਸੰਸਥਾਵਾਂ ਨੂੰ ਨਿਰਧਾਰਤ ਸ਼ੋਰ ਦੇ ਮਾਪਦੰਡਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ।