ਪੰਜਾਬ ’ਚ ਰੀਅਲ ਅਸਟੇਟ ਘੁਟਾਲੇ ਦੀ ਜਾਂਚ ਤੇਜ਼, ED ਨੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਕੀਤਾ ਤਲਬ

ਨਿਊਜ਼ ਪੰਜਾਬ

26 ਅਗਸਤ,2026

ਪੰਜਾਬ ਵਿੱਚ ਕਥਿਤ ਰੀਅਲ ਅਸਟੇਟ ਬੇਨਿਯਮੀਆਂ ਅਤੇ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸਾਬਕਾ ਮੁੱਖ ਸਕੱਤਰ ਅਤੇ ਮੌਜੂਦਾ ਵਧੀਕ ਮੁੱਖ ਸਕੱਤਰ (ਮਾਲੀਆ) ਅਨੁਰਾਗ ਵਰਮਾ ਨੂੰ ਸੰਮਨ ਜਾਰੀ ਕੀਤਾ ਹੈ। ਉਨ੍ਹਾਂ ਨੂੰ 31 ਅਗਸਤ ਨੂੰ ਜਲੰਧਰ ਸਥਿਤ ED ਦੇ ਜ਼ੋਨਲ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸੀਨੀਅਰ IAS ਅਧਿਕਾਰੀ ਕੰਵਲਪ੍ਰੀਤ ਬਰਾੜ ਨੂੰ ਵੀ 27 ਅਗਸਤ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।

ਸੂਤਰਾਂ ਮੁਤਾਬਕ ਦੋਵਾਂ ਅਧਿਕਾਰੀਆਂ ਤੋਂ ਪੰਜਾਬ ਵਿੱਚ ਕਥਿਤ ਰੀਅਲ ਅਸਟੇਟ ਬੇਨਿਯਮੀਆਂ, CLU ਪ੍ਰਵਾਨਗੀਆਂ ਅਤੇ ਲੇਆਉਟ ਤਬਦੀਲੀਆਂ ਨਾਲ ਜੁੜੇ ਫੈਸਲਿਆਂ ਸਬੰਧੀ ਜਾਣਕਾਰੀ ਲਈ ਜਾ ਸਕਦੀ ਹੈ। ED ਵੱਲੋਂ ਹਾਲ ਹੀ ਵਿੱਚ ਸਨਟੇਕ ਸਿਟੀ, ਅਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ ਅਤੇ ਧੀਰ ਕੰਸਟ੍ਰਕਸ਼ਨ ਸਮੇਤ ਕਈ ਕੰਪਨੀਆਂ ਨਾਲ ਜੁੜੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਸੀ। ਜਾਂਚ ਏਜੰਸੀ ਹੁਣ ਇਨ੍ਹਾਂ ਪ੍ਰੋਜੈਕਟਾਂ ਵਿੱਚ ਅਧਿਕਾਰੀਆਂ ਦੀ ਭੂਮਿਕਾ ਅਤੇ ਕਥਿਤ ਨਿਯਮਾਂ ਦੀ ਉਲੰਘਣਾ ਦੀ ਜਾਂਚ ਕਰ ਰਹੀ ਹੈ। ਕੰਵਲਪ੍ਰੀਤ ਬਰਾੜ ਨੂੰ ਇਸ ਤੋਂ ਪਹਿਲਾਂ ਵੀ ED ਵੱਲੋਂ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਅਤੇ ਹੁਣ ਉਨ੍ਹਾਂ ਤੋਂ ਮਾਮਲੇ ਨਾਲ ਸਬੰਧਤ ਹੋਰ ਦਸਤਾਵੇਜ਼ ਲਿਆਉਣ ਲਈ ਕਿਹਾ ਗਿਆ ਹੈ।