ਨਿਊਜ਼ ਪੰਜਾਬ
26 ਅਗਸਤ,2026
ਹਿਮਾਚਲ ਪ੍ਰਦੇਸ਼ ਵਿੱਚ ਬੁੱਧਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਸਵੇਰੇ 5:46 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 4.0 ਮਾਪੀ ਗਈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਭੂਚਾਲ ਦਾ ਕੇਂਦਰ ਸ਼ਿਮਲਾ ਤੋਂ ਲਗਭਗ 66 ਕਿਲੋਮੀਟਰ ਪੂਰਬ-ਦੱਖਣ-ਪੂਰਬ ਵੱਲ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਭੂਚਾਲ ਦੇ ਝਟਕੇ ਕਰੀਬ ਤਿੰਨ ਸਕਿੰਟ ਤੱਕ ਮਹਿਸੂਸ ਕੀਤੇ ਗਏ, ਜਿਸ ਕਾਰਨ ਕਈ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਖੁੱਲ੍ਹੀਆਂ ਥਾਵਾਂ ’ਤੇ ਚਲੇ ਗਏ। ਸ਼ਿਮਲਾ ਤੋਂ ਇਲਾਵਾ ਸੋਲਨ, ਸਿਰਮੌਰ, ਬਿਲਾਸਪੁਰ ਅਤੇ ਮੰਡੀ ਦੇ ਕਈ ਇਲਾਕਿਆਂ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ, ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ।
ਭੂਚਾਲ ਦਾ ਕੇਂਦਰ ਜੁਬਲ-ਕੋਟਖਾਈ ਖੇਤਰ ਦੇ ਨੇੜੇ ਮੰਨਿਆ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਭੂਚਾਲ ਦੇ ਪੱਖੋਂ ਸੰਵੇਦਨਸ਼ੀਲ ਖੇਤਰ ਹੈ ਅਤੇ ਰਾਜ ਦੇ ਕਈ ਹਿੱਸੇ ਉੱਚ-ਜੋਖਮ ਵਾਲੇ ਜ਼ੋਨ 4 ਅਤੇ 5 ਵਿੱਚ ਆਉਂਦੇ ਹਨ। ਮਾਹਿਰਾਂ ਮੁਤਾਬਕ 5.0 ਤੋਂ ਘੱਟ ਤੀਬਰਤਾ ਵਾਲੇ ਭੂਚਾਲਾਂ ਨਾਲ ਆਮ ਤੌਰ ’ਤੇ ਵੱਡੇ ਪੱਧਰ ’ਤੇ ਨੁਕਸਾਨ ਦੀ ਸੰਭਾਵਨਾ ਘੱਟ ਹੁੰਦੀ ਹੈ, ਪਰ ਇਸ ਦਾ ਪ੍ਰਭਾਵ ਭੂਚਾਲ ਦੀ ਡੂੰਘਾਈ ਅਤੇ ਸਥਾਨਕ ਹਾਲਾਤਾਂ ’ਤੇ ਨਿਰਭਰ ਕਰਦਾ ਹੈ।
