ਪੰਜਾਬ ‘ਚ ਮੁੜ ਸਰਗਰਮ ਹੋਇਆ ਮਾਨਸੂਨ, ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ

ਨਿਊਜ਼ ਪੰਜਾਬ

3 ਅਗਸਤ,2026

ਪੰਜਾਬ ਵਿੱਚ ਅੱਜ ਤੋਂ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ। ਮੌਸਮ ਵਿਭਾਗ ਨੇ 3 ਅਤੇ 4 ਅਗਸਤ ਲਈ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਨੂੰ ਲੈ ਕੇ ਪੀਲਾ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਗਰਜ-ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। 4 ਅਗਸਤ ਨੂੰ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਨੂੰ ਵੀ ਅਲਰਟ ਵਾਲੇ ਇਲਾਕਿਆਂ ਵਿੱਚ ਸ਼ਾਮਲ ਕੀਤਾ ਗਿਆ ਹੈ।

ਦੂਜੇ ਪਾਸੇ, ਬੀਤੇ ਦਿਨ ਖੁਸ਼ਕ ਮੌਸਮ ਕਾਰਨ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ ਅਤੇ ਬਠਿੰਡਾ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਆ ਸਕਦੀ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਹਾਲਾਂਕਿ, 5 ਅਗਸਤ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਆਮ ਰਹਿਣ ਦੀ ਸੰਭਾਵਨਾ ਹੈ।