ਨਿਊਜ਼ ਪੰਜਾਬ
31 ਜੁਲਾਈ,2026
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਨੇੜੇ ਇਕ ਕੋਲੇ ਦੀ ਖਾਣ ਵਿੱਚ ਹੋਏ ਭਿਆਨਕ ਧਮਾਕੇ ਨੇ ਵੱਡੀ ਤਬਾਹੀ ਮਚਾ ਦਿੱਤੀ ਹੈ। ਇਸ ਹਾਦਸੇ ਵਿੱਚ ਹੁਣ ਤੱਕ ਘੱਟੋ-ਘੱਟ 32 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 10 ਹੋਰ ਮਜ਼ਦੂਰ ਅਜੇ ਵੀ ਜ਼ਮੀਨ ਹੇਠ ਫਸੇ ਹੋਏ ਹਨ। ਅਧਿਕਾਰੀਆਂ ਮੁਤਾਬਕ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਧਮਾਕਾ ਖਾਣ ਵਿੱਚ ਮੀਥੇਨ ਗੈਸ ਦੀ ਵੱਧ ਮਾਤਰਾ ਕਾਰਨ ਹੋਇਆ। ਧਮਾਕੇ ਤੋਂ ਬਾਅਦ ਖਾਣ ਵਿੱਚ ਆਕਸੀਜਨ ਦਾ ਪੱਧਰ ਲਗਭਗ ਜ਼ੀਰੋ ਹੋ ਗਿਆ, ਜਿਸ ਕਾਰਨ ਬਚਾਅ ਕਾਰਜਾਂ ਵਿੱਚ ਭਾਰੀ ਮੁਸ਼ਕਲਾਂ ਆ ਰਹੀਆਂ ਹਨ ਅਤੇ ਫਸੇ ਹੋਏ ਮਜ਼ਦੂਰਾਂ ਦੇ ਜ਼ਿੰਦਾ ਬਚਣ ਦੀ ਸੰਭਾਵਨਾ ਵੀ ਘੱਟ ਦੱਸੀ ਜਾ ਰਹੀ ਹੈ। ਬਚਾਅ ਟੀਮਾਂ ਲਗਾਤਾਰ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ ਅਤੇ ਸਾਰੇ ਮਜ਼ਦੂਰਾਂ ਦਾ ਪਤਾ ਲੱਗਣ ਤੱਕ ਇਹ ਮੁਹਿੰਮ ਜਾਰੀ ਰਹੇਗੀ। ਇਸ ਦੌਰਾਨ, ਬਲੋਚਿਸਤਾਨ ਦੇ ਖਾਣਾਂ ਅਤੇ ਖਣਿਜ ਮੰਤਰੀ ਸ਼ੋਏਬ ਨੋਸ਼ੇਰਵਾਨੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਹਰੇਕ ਪਰਿਵਾਰ ਨੂੰ ਪੰਜ ਲੱਖ ਪਾਕਿਸਤਾਨੀ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਨਾਲ ਹੀ, ਸਰਕਾਰ ਨੇ ਹਾਦਸੇ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਦਾ ਭਰੋਸਾ ਦਿੱਤਾ ਹੈ।
