ਅਮਰੀਕਾ ਦੇ ਸੀਏਟਲ’ਚ ਭਾਰਤੀ ਵਿਦਿਆਰਥਣ ਜਾਹਨਵੀ ਕੁੰਡਾਲਾ ਮਾਮਲੇ ‘ਚ $29 ਮਿਲੀਅਨ ਦਾ ਕਾਨੂੰਨੀ ਨਿਪਟਾਰਾ

ਨਿਊਜ਼ ਪੰਜਾਬ

12 ਫ਼ਰਵਰੀ 2026

ਅਮਰੀਕਾ ਦੇ ਸੀਏਟਲ ਸ਼ਹਿਰ ਵਿੱਚ 23 ਸਾਲਾ ਭਾਰਤੀ ਵਿਦਿਆਰਥਣ ਜਾਹਨਵੀ ਕੁੰਡਾਲਾ ਦੀ ਮੌਤ ਦੇ ਮਾਮਲੇ ਵਿੱਚ ਵੱਡਾ ਕਾਨੂੰਨੀ ਨਿਪਟਾਰਾ ਹੋਇਆ ਹੈ। ਸੀਏਟਲ ਪ੍ਰਸ਼ਾਸਨ ਨੇ ਜਾਹਨਵੀ ਦੇ ਪਰਿਵਾਰ ਨੂੰ 29 ਮਿਲੀਅਨ ਅਮਰੀਕੀ ਡਾਲਰ (ਲਗਭਗ ₹262 ਕਰੋੜ) ਮੁਆਵਜ਼ਾ ਦੇਣ ਲਈ ਸਹਿਮਤੀ ਜਤਾਈ ਹੈ। ਜਾਹਨਵੀ, ਜੋ ਨੌਰਥਈਸਟਰਨ ਯੂਨੀਵਰਸਿਟੀ ਦੇ ਸੀਏਟਲ ਕੈਂਪਸ ਵਿੱਚ ਮਾਸਟਰਜ਼ ਕਰ ਰਹੀ ਸੀ, 23 ਜਨਵਰੀ 2023 ਨੂੰ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋ ਗਈ ਜਦੋਂ ਇੱਕ ਤੇਜ਼ ਰਫ਼ਤਾਰ ਪੁਲਿਸ ਗਸ਼ਤੀ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਜਾਂਚ ਅਨੁਸਾਰ, ਪੁਲਿਸ ਅਧਿਕਾਰੀ ਸਪੀਡ ਲਿਮਿਟ ਤੋਂ ਕਾਫੀ ਵੱਧ ਰਫ਼ਤਾਰ ਨਾਲ ਐਮਰਜੈਂਸੀ ਕਾਲ ਦਾ ਜਵਾਬ ਦੇਣ ਜਾ ਰਿਹਾ ਸੀ। ਮਾਮਲੇ ਨੇ ਉਸ ਸਮੇਂ ਹੋਰ ਵਿਵਾਦ ਖੜ੍ਹਾ ਕਰ ਦਿੱਤਾ ਸੀ ਜਦੋਂ ਬਾਡੀ-ਕੈਮਰਾ ਫੁਟੇਜ ਵਿੱਚ ਇੱਕ ਪੁਲਿਸ ਅਧਿਕਾਰੀ ਨੂੰ ਅਸੰਵੇਦਨਸ਼ੀਲ ਟਿੱਪਣੀ ਕਰਦਿਆਂ ਸੁਣਿਆ ਗਿਆ। ਇਸ ਘਟਨਾ ਨੇ ਭਾਰਤ ਅਤੇ ਅਮਰੀਕਾ ਦੋਵਾਂ ਵਿੱਚ ਵੱਡਾ ਰੋਸ ਪੈਦਾ ਕੀਤਾ ਸੀ ਅਤੇ ਹੁਣ ਇਹ ਨਿਪਟਾਰਾ ਪਰਿਵਾਰ ਲਈ ਇਕ ਮਹੱਤਵਪੂਰਨ ਕਾਨੂੰਨੀ ਕਦਮ ਮੰਨਿਆ ਜਾ ਰਿਹਾ ਹੈ।