ਨਿਊਜ਼ ਪੰਜਾਬ
31 ਜੁਲਾਈ 2026
ਪੰਜਾਬ ਦੇ ਕਈ ਇਲਾਕਿਆਂ ਵਿੱਚ ਵੀਰਵਾਰ ਨੂੰ ਮੌਸਮ ਨੇ ਅਚਾਨਕ ਕਰਵਟ ਲਈ। ਲੁਧਿਆਣਾ ਅਤੇ ਜਲੰਧਰ ਵਿੱਚ ਭਾਰੀ ਮੀਂਹ ਪਿਆ, ਜਦਕਿ ਮੋਹਾਲੀ, ਪਠਾਨਕੋਟ ਅਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਛਾਈ ਰਹੀ। ਮੌਸਮ ਵਿਭਾਗ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਜ਼ਿਲ੍ਹਿਆਂ ਲਈ ਅਗਲੇ ਦੋ ਦਿਨਾਂ ਦਾ ਮੀਂਹ ਅਲਰਟ ਜਾਰੀ ਕੀਤਾ ਹੈ। ਵਿਭਾਗ ਅਨੁਸਾਰ 1 ਤੋਂ 4 ਅਗਸਤ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਜਾਰੀ ਰਹਿ ਸਕਦਾ ਹੈ। ਜਲੰਧਰ ਵਿੱਚ ਸ਼ਾਮ ਵੇਲੇ ਤੇਜ਼ ਹਵਾਵਾਂ ਅਤੇ ਕਾਲੇ ਬੱਦਲਾਂ ਤੋਂ ਬਾਅਦ ਹੋਈ ਭਾਰੀ ਬਾਰਿਸ਼ ਨੇ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਗਰਮੀ ਅਤੇ ਹੁੰਮਸ ਤੋਂ ਵੱਡੀ ਰਾਹਤ ਦਿੱਤੀ। ਮੀਂਹ ਤੋਂ ਬਾਅਦ ਮੌਸਮ ਸੁਹਾਵਣਾ ਹੋ ਗਿਆ ਅਤੇ ਤਾਪਮਾਨ ਵਿੱਚ ਵੀ ਕਮੀ ਮਹਿਸੂਸ ਕੀਤੀ ਗਈ। ਇਸ ਸਾਲ ਜੁਲਾਈ ਮਹੀਨੇ ਦੌਰਾਨ ਆਮ ਨਾਲੋਂ 24 ਫ਼ੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ, ਪਰ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅਗਸਤ ਦੇ ਪਹਿਲੇ ਹਫ਼ਤੇ ਵਿੱਚ ਮਾਨਸੂਨ ਮੁੜ ਰਫ਼ਤਾਰ ਫੜੇਗਾ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ ਇੱਕ ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ, ਹਾਲਾਂਕਿ ਆਉਣ ਵਾਲੇ ਦਿਨਾਂ ਵਿੱਚ ਲਗਾਤਾਰ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ।
