ਨਿਊਜ਼ ਪੰਜਾਬ
22 ਜੁਲਾਈ,2026
ਫਾਜ਼ਿਲਕਾ ਦੇ ਪਿੰਡ ਤੇਜਾ ਰੂਹੇਲਾ ਵਿੱਚ ਜ਼ਮੀਨੀ ਵਿਵਾਦ ਨੇ ਉਸ ਵੇਲੇ ਖੌਫ਼ਨਾਕ ਰੂਪ ਧਾਰ ਲਿਆ, ਜਦੋਂ ਝੋਨੇ ਦੀ ਫ਼ਸਲ ‘ਤੇ ਟਰੈਕਟਰ ਚਲਾਉਣ ਦਾ ਵਿਰੋਧ ਕਰਨ ‘ਤੇ ਦਿਓਰ-ਭਾਬੀ ਨੂੰ ਟਰੈਕਟਰ ਨਾਲ ਕੁਚਲ ਦਿੱਤਾ ਗਿਆ। ਇਸ ਦਰਦਨਾਕ ਘਟਨਾ ਵਿੱਚ 70 ਸਾਲਾ ਮਾਇਆ ਬਾਈ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 45 ਸਾਲਾ ਰਾਜ ਸਿੰਘ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਦੋਵਾਂ ਨੂੰ ਬਚਾਉਣ ਲਈ ਅੱਗੇ ਆਈ ਇੱਕ ਮਹਿਲਾ ਰਿਸ਼ਤੇਦਾਰ ਵੀ ਜ਼ਖ਼ਮੀ ਹੋ ਗਈ, ਜਿਸ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਜਾਣਬੁੱਝ ਕੇ ਟਰੈਕਟਰ ਉਨ੍ਹਾਂ ਦੇ ਸਿਰ ਅਤੇ ਸਰੀਰ ਉੱਪਰ ਚੜ੍ਹਾਇਆ। ਮ੍ਰਿਤਕਾਂ ਦੇ ਪਰਿਵਾਰ ਅਨੁਸਾਰ, ਦੋਵੇਂ ਧਿਰਾਂ ਵਿਚਾਲੇ ਇਸ ਜ਼ਮੀਨ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਫਾਜ਼ਿਲਕਾ ਸਦਰ ਪੁਲਿਸ ਨੇ 21 ਨਾਮਜ਼ਦ ਅਤੇ 7-8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।
