ਨਿਊਜ਼ ਪੰਜਾਬ
21 ਜੁਲਾਈ,2026
ਸੰਗਰੂਰ ਦੇ ਲਹਿਰਾ ਇਲਾਕੇ ਵਿੱਚ 19 ਸਾਲਾ ਨੌਜਵਾਨ ਹਰਮਨਦੀਪ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਕਤਲ ਅਤੇ ਚੋਰੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਅੱਗੇ ਵਧਾ ਦਿੱਤੀ ਹੈ। ਪੁਲਿਸ ਮੁਤਾਬਕ ਹਰਮਨਦੀਪ 5 ਜੁਲਾਈ ਤੋਂ ਲਾਪਤਾ ਸੀ ਅਤੇ ਉਸ ਦੇ ਪਿਤਾ ਬਲਕਾਰ ਸਿੰਘ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਸ਼ੱਕ ਦੇ ਆਧਾਰ ‘ਤੇ ਹਿਰਾਸਤ ਵਿੱਚ ਲਏ ਗਏ ਤਿੰਨ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਦੱਸਿਆ ਕਿ ਉਨ੍ਹਾਂ ਨੇ ਹਰਮਨਦੀਪ ਦੀ ਲਾਸ਼ ਖਾਈ ਬਸਤੀ ਨੇੜੇ ਇੱਕ ਟਾਹਲੀ ਦੇ ਦਰੱਖਤ ਹੇਠਾਂ ਦੱਬ ਦਿੱਤੀ ਸੀ। ਪੁਲਿਸ ਨੇ ਦੱਸੇ ਗਏ ਸਥਾਨ ਤੋਂ ਲਾਸ਼ ਬਰਾਮਦ ਕਰ ਲਈ, ਜੋ ਕਾਫ਼ੀ ਗਲੀ-ਸੜੀ ਹਾਲਤ ਵਿੱਚ ਸੀ। ਮੁਲਜ਼ਮਾਂ ਦੀ ਪਛਾਣ ਸੋਨੂ, ਮੰਗੂ ਕੁਮਾਰ ਅਤੇ ਲਖਣ ਵਜੋਂ ਹੋਈ ਹੈ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਹਰਮਨਦੀਪ ਤੋਂ 2,000 ਰੁਪਏ ਅਤੇ ਉਸ ਦਾ ਮੋਬਾਈਲ ਫੋਨ ਲੁੱਟਣ ਦੀ ਨੀਅਤ ਨਾਲ ਪਹਿਲਾਂ ਚੋਰੀ ਕੀਤੀ ਅਤੇ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਕੱਪੜਿਆਂ ਦੇ ਆਧਾਰ ‘ਤੇ ਲਾਸ਼ ਦੀ ਪਛਾਣ ਕੀਤੀ ਹੈ, ਜਦਕਿ ਫੋਰੈਂਸਿਕ ਮਾਹਿਰਾਂ ਦੀ ਨਿਗਰਾਨੀ ਹੇਠ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਮਾਮਲੇ ਨਾਲ ਜੁੜੇ ਹੋਰ ਤੱਥਾਂ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।
