ਨਿਊਜ਼ ਪੰਜਾਬ
21 ਜੁਲਾਈ,2026
ਦਿੱਲੀ ਹਾਈ ਕੋਰਟ ਨੇ ਸਮਾਜ ਸੇਵੀ ਸੋਨਮ ਵਾਂਗਚੁਕ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਸਫਦਰਜੰਗ ਹਸਪਤਾਲ ਤੋਂ ਮੇਦਾਂਤਾ ਹਸਪਤਾਲ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਸੁਣਵਾਈ ਵਾਂਗਚੁਕ ਦੀ ਪਤਨੀ ਗੀਤਾਂਜਲੀ ਵੱਲੋਂ ਦਾਇਰ ਪਟੀਸ਼ਨ ‘ਤੇ ਹੋਈ, ਜਿਸ ਵਿੱਚ ਉਨ੍ਹਾਂ ਦੀ ਸੁਰੱਖਿਆ ਅਤੇ ਇਲਾਜ ਨੂੰ ਲੈ ਕੇ ਚਿੰਤਾ ਜਤਾਈ ਗਈ ਸੀ। ਮੁੱਖ ਜੱਜ ਦੇਵੇਂਦਰ ਕੁਮਾਰ ਉਪਾਧਿਆਏ ਅਤੇ ਜਸਟਿਸ ਤੇਜਸ ਕਰੀਆ ਦੀ ਬੈਂਚ ਨੇ ਕਿਹਾ ਕਿ ਵਾਂਗਚੁਕ ਨੂੰ ਲਗਾਤਾਰ ਮੈਡੀਕਲ ਨਿਗਰਾਨੀ ਦੀ ਲੋੜ ਹੈ, ਇਸ ਲਈ ਮੇਦਾਂਤਾ ਹਸਪਤਾਲ ਵਿੱਚ ਡਾਕਟਰਾਂ ਦਾ ਇੱਕ ਵਿਸ਼ੇਸ਼ ਪੈਨਲ ਬਣਾਇਆ ਜਾਵੇ ਅਤੇ ਉਨ੍ਹਾਂ ਦੀਆਂ ਸਾਰੀਆਂ ਮੈਡੀਕਲ ਰਿਪੋਰਟਾਂ ਉਸ ਪੈਨਲ ਨੂੰ ਸੌਂਪੀਆਂ ਜਾਣ। ਸੁਣਵਾਈ ਦੌਰਾਨ ਕੇਂਦਰ ਸਰਕਾਰ ਦੀ ਪੱਖੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਸਰਕਾਰ ਨੂੰ ਵਾਂਗਚੁਕ ਨੂੰ ਮੇਦਾਂਤਾ ਹਸਪਤਾਲ ਭੇਜਣ ‘ਤੇ ਕੋਈ ਇਤਰਾਜ਼ ਨਹੀਂ ਹੈ, ਪਰ ਹਸਪਤਾਲ ਤੋਂ ਛੁੱਟੀ ਸਿਰਫ਼ ਡਾਕਟਰਾਂ ਦੀ ਸਲਾਹ ਅਨੁਸਾਰ ਹੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਦਲੀਲ ਦਿੱਤੀ ਕਿ ਕੁਝ ਲੋਕ ਵਾਂਗਚੁਕ ਦੀ ਸਿਹਤ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਨੂੰ ਹਸਪਤਾਲ ਤੋਂ ਬਾਹਰ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਸੋਨਮ ਵਾਂਗਚੁਕ ਜੰਤਰ-ਮੰਤਰ ‘ਤੇ ਭੁੱਖ ਹੜਤਾਲ ਕਰ ਰਹੇ ਸਨ ਅਤੇ 21 ਦਿਨਾਂ ਦੇ ਵਰਤ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜਣ ਕਾਰਨ ਉਨ੍ਹਾਂ ਨੂੰ ਸਫਦਰਜੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹੁਣ ਹਾਈ ਕੋਰਟ ਦੇ ਇਸ ਫ਼ੈਸਲੇ ਨਾਲ ਉਨ੍ਹਾਂ ਦੇ ਇਲਾਜ ਨੂੰ ਹੋਰ ਬਿਹਤਰ ਢੰਗ ਨਾਲ ਜਾਰੀ ਰੱਖਣ ਦਾ ਰਾਹ ਸਾਫ਼ ਹੋ ਗਿਆ ਹੈ।
