ਨਿਊਜ਼ ਪੰਜਾਬ
19 ਜੁਲਾਈ,2026
ਜੰਮੂ-ਕਸ਼ਮੀਰ ਦੇ ਪੁੰਛ, ਕਿਸ਼ਤਵਾੜ ਅਤੇ ਰਾਜੌਰੀ ਸਮੇਤ ਕਈ ਇਲਾਕਿਆਂ ਵਿੱਚ ਸ਼ਨੀਵਾਰ ਰਾਤ ਬੱਦਲ ਫਟਣ ਅਤੇ ਭਾਰੀ ਮੀਂਹ ਕਾਰਨ ਭਿਆਨਕ ਤਬਾਹੀ ਮਚ ਗਈ। ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿੱਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੁੰਛ ਦੇ ਸੁਰਨਕੋਟ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਘਰ ਮਲਬੇ ਹੇਠ ਦੱਬ ਗਿਆ, ਜਿਸ ਵਿੱਚ ਮੌਜੂਦ ਅੱਠ ਲੋਕਾਂ ਵਿੱਚੋਂ ਦੋ ਸਾਲ ਦੇ ਬੱਚੇ ਸਮੇਤ ਪੰਜ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਕਿਸ਼ਤਵਾੜ ਦੇ ਸੁਰਨੂ ਖੇਤਰ ਵਿੱਚ ਬੱਦਲ ਫਟਣ ਨਾਲ ਕਈ ਘਰਾਂ ਅਤੇ ਖੇਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ, ਜਦਕਿ ਬਾਂਦੀਪੋਰਾ ਦੇ ਗੁਰੇਜ਼ ਇਲਾਕੇ ਵਿੱਚ ਪਸ਼ੂਆਂ ਦਾ ਸ਼ੈੱਡ ਤਬਾਹ ਹੋ ਗਿਆ ਅਤੇ ਸੜਕ ਦਾ ਇੱਕ ਹਿੱਸਾ ਵਹਿ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ।
ਉੱਧਰ ਰਾਜੌਰੀ ਵਿੱਚ ਧਾਰਹਲ ਨਦੀ ਦਾ ਪਾਣੀ ਅਚਾਨਕ ਵਧਣ ਨਾਲ ਲਗਭਗ 200 ਤੋਂ 250 ਵਾਹਨ ਹੜ੍ਹ ਦੇ ਪਾਣੀ ਵਿੱਚ ਵਹਿ ਗਏ। ਹਾਲਾਤ ਨੂੰ ਦੇਖਦੇ ਹੋਏ ਪੁਲਿਸ ਨੇ ਲੋਕਾਂ ਨੂੰ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ, ਬਿਨਾਂ ਲੋੜ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਖਰਾਬ ਮੌਸਮ ਦੌਰਾਨ ਵਾਹਨ ਚਲਾਉਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਫ਼ੋਨ ‘ਤੇ ਗੱਲ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੇਂਦਰ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
