ਨਿਊਜ਼ ਪੰਜਾਬ
27 ਫ਼ਰਵਰੀ 2026
ਭਾਰਤੀ ਕ੍ਰਿਕਟਰ ਰਿੰਕੂ ਸਿੰਘ ਦੇ ਪਿਤਾ ਖਾਨਚੰਦ ਸਿੰਘ (60) ਦਾ ਅੱਜ ਸਵੇਰੇ ਲਗਭਗ 4:36 ਵਜੇ ਦਿਹਾਂਤ ਹੋ ਗਿਆ। ਉਹ ਸਟੇਜ-4 ਜਿਗਰ ਦੇ ਕੈਂਸਰ ਨਾਲ ਪੀੜਤ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਸੀ। ਹਾਲਤ ਵਿਗੜਣ ਉਪਰੰਤ ਉਨ੍ਹਾਂ ਨੂੰ ਗ੍ਰੇਟਰ ਨੋਇਡਾ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਹ ਵੈਂਟੀਲੇਟਰ ਸਪੋਰਟ ’ਤੇ ਸਨ। ਇਲਾਜ ਦੌਰਾਨ ਉਨ੍ਹਾਂ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਰਹੀ ਅਤੇ ਆਖਿਰਕਾਰ ਉਹ ਸੰਸਾਰ ਨੂੰ ਅਲਵਿਦਾ ਕਹਿ ਗਏ।
ਪਿਤਾ ਦੀ ਤਬੀਅਤ ਖ਼ਰਾਬ ਹੋਣ ਦੀ ਖ਼ਬਰ ਮਿਲਦਿਆਂ ਹੀ ਰਿੰਕੂ ਸਿੰਘ ਮੰਗਲਵਾਰ ਨੂੰ ਟੀਮ ਇੰਡੀਆ ਦਾ ਕੈਂਪ ਛੱਡ ਕੇ ਘਰ ਵਾਪਸ ਆ ਗਏ ਸਨ। ਉਸ ਵੇਲੇ ਉਹ ਚੇਨਈ ਵਿੱਚ ਟੀਮ ਨਾਲ ਮੌਜੂਦ ਸਨ। ਇਸ ਕਾਰਨ ਉਹ ਟੀ-20 ਵਿਸ਼ਵ ਕੱਪ ਦੌਰਾਨ ਇਕ ਅਭਿਆਸ ਸੈਸ਼ਨ ਤੋਂ ਵੀ ਖੁੰਝੇ।
25 ਫਰਵਰੀ ਨੂੰ ਉਹ ਮੁੜ ਚੇਨਈ ਆ ਕੇ ਟੀਮ ਨਾਲ ਜੁੜ ਗਏ, ਪਰ 26 ਫਰਵਰੀ ਨੂੰ ਜ਼ਿੰਬਾਬਵੇ ਵਿਰੁੱਧ ਸੁਪਰ 8 ਮੈਚ ਵਿੱਚ ਉਹ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਸਨ ਅਤੇ ਬਦਲ ਵਜੋਂ ਫਿਲਡਿੰਗ ਕਰਦੇ ਨਜ਼ਰ ਆਏ।ਦੇਸ਼ ਭਰ ਤੋਂ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਵੱਲੋਂ ਰਿੰਕੂ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸੰਵੇਦਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਹਨ।
