PM ਮੋਦੀ ਦੇ ਜਲੰਧਰ ਦੌਰੇ ਕਾਰਨ ਟ੍ਰੈਫਿਕ ‘ਚ ਵੱਡੇ ਬਦਲਾਅ, ਕਈ ਰਸਤੇ ਬੰਦ ਤੇ ਬੱਸਾਂ ਦੇ ਰੂਟ ਬਦਲੇ

ਨਿਊਜ਼ ਪੰਜਾਬ

17 ਜੁਲਾਈ,2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ ਦੇ ਮੱਦੇਨਜ਼ਰ ਜਲੰਧਰ ਦਿਹਾਤੀ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਤਹਿਤ ਵਿਸ਼ੇਸ਼ ਟ੍ਰੈਫਿਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਅੱਜ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਈ ਮੁੱਖ ਸੜਕਾਂ ‘ਤੇ ਆਮ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ, ਜਦਕਿ ਲੋਕਾਂ ਦੀ ਸਹੂਲਤ ਲਈ 31 ਤੋਂ ਵੱਧ ਡਾਇਵਰਜ਼ਨ ਰੂਟ ਤੈਅ ਕੀਤੇ ਗਏ ਹਨ। ਦਸੂਹਾ, ਟਾਂਡਾ, ਹੁਸ਼ਿਆਰਪੁਰ, ਫਗਵਾੜਾ, ਨਕੋਦਰ, ਕਾਲਾ ਸੰਘਿਆਂ, ਕਪੂਰਥਲਾ ਅਤੇ ਸੁਭਾਨਪੁਰ ਤੋਂ ਜਲੰਧਰ ਆਉਣ ਵਾਲੇ ਵਾਹਨਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਲੰਘਾਇਆ ਜਾਵੇਗਾ। ਇਸ ਦੇ ਨਾਲ ਹੀ ਅੰਮ੍ਰਿਤਸਰ, ਲੁਧਿਆਣਾ, ਹੁਸ਼ਿਆਰਪੁਰ ਅਤੇ ਪਠਾਨਕੋਟ ਜਾਣ ਵਾਲੀਆਂ ਬੱਸਾਂ ਦੇ ਰੂਟਾਂ ਵਿੱਚ ਵੀ ਅਸਥਾਈ ਤਬਦੀਲੀਆਂ ਕੀਤੀਆਂ ਗਈਆਂ ਹਨ। ਪੁਲਿਸ ਨੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਕਰਮਚਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ, ਨਿਰਧਾਰਤ ਡਾਇਵਰਜ਼ਨ ਰੂਟਾਂ ਦੀ ਹੀ ਵਰਤੋਂ ਕਰਨ ਅਤੇ ਸੰਭਾਵਿਤ ਜਾਮ ਜਾਂ ਦੇਰੀ ਤੋਂ ਬਚਣ ਲਈ ਆਪਣੀ ਯਾਤਰਾ ਦੀ ਯੋਜਨਾ ਪਹਿਲਾਂ ਹੀ ਬਣਾਉਣ ਦੀ ਅਪੀਲ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਸਾਰੇ ਪ੍ਰਬੰਧ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਸੁਰੱਖਿਅਤ, ਸੁਚਾਰੂ ਅਤੇ ਬਿਨਾਂ ਕਿਸੇ ਰੁਕਾਵਟ ਦੇ ਸੰਪੰਨ ਕਰਵਾਉਣ ਦੇ ਨਾਲ-ਨਾਲ ਆਮ ਲੋਕਾਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੇ ਗਏ ਹਨ।