ਨਿਊਜ਼ ਪੰਜਾਬ
17 ਜੁਲਾਈ,2026
ਭਾਰਤ ਨੇ ਹਰਿਤ ਅਤੇ ਆਧੁਨਿਕ ਆਵਾਜਾਈ ਵੱਲ ਇੱਕ ਵੱਡਾ ਇਤਿਹਾਸਕ ਕਦਮ ਚੁੱਕਦਿਆਂ ਦੇਸ਼ ਦੀ ਪਹਿਲੀ ਹਾਈਡ੍ਰੋਜਨ-ਈਂਧਨ ਨਾਲ ਚੱਲਣ ਵਾਲੀ ਟ੍ਰੇਨ ਦੀ ਸ਼ੁਰੂਆਤ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਹਰਿਆਣਾ ਦੇ ਜੀਂਦ ਤੋਂ ਇਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਭਾਰਤ ਹਾਈਡ੍ਰੋਜਨ-ਫਿਊਲ ਟ੍ਰੇਨਾਂ ਚਲਾਉਣ ਵਾਲਾ ਦੁਨੀਆ ਦਾ ਪੰਜਵਾਂ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਇਹ ਉਪਲਬਧੀ ਜਰਮਨੀ, ਫਰਾਂਸ, ਸਵੀਡਨ ਅਤੇ ਚੀਨ ਵਰਗੇ ਦੇਸ਼ਾਂ ਕੋਲ ਸੀ। 10 ਡੱਬਿਆਂ ਵਾਲੀ ਇਹ ਆਧੁਨਿਕ ਟ੍ਰੇਨ ਜੀਂਦ ਅਤੇ ਸੋਨੀਪਤ ਦਰਮਿਆਨ 14 ਸਟੇਸ਼ਨਾਂ ‘ਤੇ ਰੁਕਦਿਆਂ ਲਗਭਗ 89 ਕਿਲੋਮੀਟਰ ਦਾ ਸਫ਼ਰ ਕਰੇਗੀ ਅਤੇ ਇਸ ਦੀ ਵੱਧ ਤੋਂ ਵੱਧ ਰਫ਼ਤਾਰ 75 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇਸ ਦਾ ਕਿਰਾਇਆ ਸਿਰਫ਼ 5 ਰੁਪਏ ਤੋਂ 25 ਰੁਪਏ ਤੱਕ ਰੱਖਿਆ ਗਿਆ ਹੈ, ਜਦਕਿ ਪੂਰੀ ਯਾਤਰਾ ਲਗਭਗ ਦੋ ਘੰਟਿਆਂ ਵਿੱਚ ਪੂਰੀ ਹੋਵੇਗੀ। ਹਾਈਡ੍ਰੋਜਨ ਟ੍ਰੇਨ ਨੂੰ ਵਾਤਾਵਰਣ ਪੱਖੋਂ ਕਾਫ਼ੀ ਸੁਰੱਖਿਅਤ ਮੰਨਿਆ ਜਾਂਦਾ ਹੈ, ਕਿਉਂਕਿ ਇਸ ਵਿੱਚ ਡੀਜ਼ਲ ਦੀ ਥਾਂ ਹਾਈਡ੍ਰੋਜਨ ਫਿਊਲ ਸੈੱਲ ਦੀ ਵਰਤੋਂ ਹੁੰਦੀ ਹੈ ਅਤੇ ਇਸ ਤੋਂ ਕਾਰਬਨ ਡਾਈਆਕਸਾਈਡ ਵਰਗੀਆਂ ਪ੍ਰਦੂਸ਼ਿਤ ਗੈਸਾਂ ਨਹੀਂ ਨਿਕਲਦੀਆਂ, ਸਗੋਂ ਮੁੱਖ ਤੌਰ ‘ਤੇ ਪਾਣੀ ਦੀ ਭਾਫ਼ ਹੀ ਨਿਕਲਦੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀਂਦ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਨੇ ਹਰਿਆਣਾ ਦੇ ਵਿਕਾਸ ਨਾਲ ਜੁੜੇ ਨੌਂ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ, ਜਿਨ੍ਹਾਂ ਵਿੱਚ ਇੱਕ ਐਲੀਵੇਟਿਡ ਰੇਲਵੇ ਟ੍ਰੈਕ ਅਤੇ ਦੋ ਨਵੇਂ ਮੈਡੀਕਲ ਕਾਲਜ ਵੀ ਸ਼ਾਮਲ ਹਨ। ਸਮਾਗਮ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਹੋਰ ਕਈ ਕੇਂਦਰੀ ਤੇ ਰਾਜ ਸਰਕਾਰ ਦੇ ਆਗੂ ਵੀ ਮੌਜੂਦ ਰਹੇ। ਹਾਈਡ੍ਰੋਜਨ ਟ੍ਰੇਨ ਦੀ ਸ਼ੁਰੂਆਤ ਨੂੰ ਭਾਰਤੀ ਰੇਲਵੇ ਦੇ ਆਧੁਨਿਕੀਕਰਨ, ਵਾਤਾਵਰਣ ਸੰਭਾਲ ਅਤੇ ਭਵਿੱਖ ਦੀ ਸਾਫ਼-ਸੁਥਰੀ ਆਵਾਜਾਈ ਵੱਲ ਇੱਕ ਇਤਿਹਾਸਕ ਅਤੇ ਮੀਲ ਪੱਥਰ ਵਾਲਾ ਕਦਮ ਮੰਨਿਆ ਜਾ ਰਿਹਾ ਹੈ।
