ਨਿਊਜ਼ ਪੰਜਾਬ
5 ਜੁਲਾਈ,2026
ਅੰਮ੍ਰਿਤਸਰ ਦੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਹੋਏ ਵਿਸ਼ਾਲ ਪੰਥਕ ਇਕੱਠ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸੰਗਤ ਸਾਹਮਣੇ ਇੱਕ ਅਹਿਮ ਗੁਰਮਤਾ ਪੇਸ਼ ਕੀਤਾ ਗਿਆ, ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਹਰ ਹਾਲਤ ਵਿੱਚ ਕਾਇਮ ਰੱਖਣ ਦਾ ਸੱਦਾ ਦਿੱਤਾ ਗਿਆ। ਗੁਰਮਤੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਖ ਕੌਮ ਦੀ ਸਰਵਉੱਚ ਧਾਰਮਿਕ ਅਤੇ ਪੰਥਕ ਸੰਸਥਾ ਕਰਾਰ ਦਿੰਦਿਆਂ ਕਿਹਾ ਗਿਆ ਕਿ ਇਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਉਹ ਮਹਾਨ ਸੰਸਥਾ ਹੈ, ਜਿਸ ਨੇ ਸਦੀਆਂ ਤੋਂ ਸਿੱਖ ਕੌਮ ਨੂੰ ਹਰ ਸੰਕਟ ਵੇਲੇ ਅਗਵਾਈ ਦਿੱਤੀ ਹੈ ਅਤੇ ਖਾਲਸਾ ਪੰਥ ਦੀ ਮਰਿਆਦਾ, ਸਵੈਮਾਨ ਅਤੇ ਏਕਤਾ ਦੀ ਰੱਖਿਆ ਕੀਤੀ ਹੈ। ਗੁਰਮਤੇ ਵਿੱਚ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਹੁਕਮਾਂ ਨੂੰ ਸਮੁੱਚੇ ਪੰਥ ਦੀ ਸਾਂਝੀ ਆਵਾਜ਼ ਦੱਸਦਿਆਂ ਉਨ੍ਹਾਂ ਦਾ ਸਤਿਕਾਰ ਅਤੇ ਪਾਲਣਾ ਕਰਨ ਨੂੰ ਹਰ ਸਿੱਖ ਦਾ ਧਾਰਮਿਕ ਅਤੇ ਕੌਮੀ ਫ਼ਰਜ਼ ਕਰਾਰ ਦਿੱਤਾ ਗਿਆ। ਇਸ ਦੌਰਾਨ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਜੁੜੇ ਵਿਵਾਦ ਦਾ ਵੀ ਜ਼ਿਕਰ ਕੀਤਾ ਗਿਆ ਅਤੇ ਦੋਸ਼ ਲਾਇਆ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ, ਜਿਸ ਦੀ ਪੰਥਕ ਇਕੱਠ ਵੱਲੋਂ ਨਿੰਦਾ ਕੀਤੀ ਗਈ। ਨਾਲ ਹੀ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਐਸਜੀਪੀਸੀ ਦੇ ਹਰ ਹਲਕੇ ਵਿੱਚ ਵਿਸ਼ਾਲ ਪੰਥਕ ਇਕੱਠ ਕਰਵਾਏ ਜਾਣਗੇ ਅਤੇ ਪਿੰਡ ਪੱਧਰ ‘ਤੇ ਗੁਰਸਿੱਖ ਕਮੇਟੀਆਂ ਬਣਾਈਆਂ ਜਾਣਗੀਆਂ, ਜੋ ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਪੰਥਕ ਜਾਗਰੂਕਤਾ ਲਈ ਕੰਮ ਕਰਨਗੀਆਂ। ਗੁਰਮਤੇ ਵਿੱਚ ਸੰਗਤ ਨੂੰ ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਫੈਲਾਈਆਂ ਜਾ ਰਹੀਆਂ ਕਥਿਤ ਗਲਤ ਜਾਣਕਾਰੀਆਂ ਦਾ ਤੱਥਾਂ ਦੇ ਆਧਾਰ ‘ਤੇ ਜਵਾਬ ਦੇਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਇਕਜੁੱਟ ਰਹਿਣ ਦੀ ਅਪੀਲ ਵੀ ਕੀਤੀ ਗਈ। ਇਸ ਇਕੱਠ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਧਾਰਮਿਕ ਅਤੇ ਸਿਆਸੀ ਮਾਹੌਲ ਵਿੱਚ ਚਰਚਾ ਹੋਰ ਤੇਜ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
