ਨਿਊਜ਼ ਪੰਜਾਬ
27 ਜੂਨ 2025
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਸ਼ਹਿਰ ਵਿੱਚ ਨਸ਼ਿਆਂ ਦੇ ਵਧਦੇ ਕਹਿਰ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ। ਬੀਤੀ ਰਾਤ ਇਥੇ 16 ਸਾਲਾ ਨਾਬਾਲਿਗ ਲੜਕੇ ਦੀ ਉਸਦੇ ਘਰ ਦੇ ਬਾਥਰੂਮ ਵਿਚ ਚਿੱਟੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ, ਇਹ ਨੌਜਵਾਨ ਪਿਛਲੇ ਕਾਫ਼ੀ ਸਮੇਂ ਤੋਂ ਨਸ਼ੇ ਦੀ ਲਤ ਵਿੱਚ ਜਕੜਿਆ ਹੋਇਆ ਸੀ ਅਤੇ ਅਕਸਰ ਘਰ ਨੇੜੇ ਹੀ ਚਿੱਟਾ ਵੇਚਣ ਵਾਲਿਆਂ ਕੋਲੋਂ ਨਸ਼ਾ ਲਿਆ ਕਰਦਾ ਸੀ।
ਮ੍ਰਿਤਕ ਦੀ ਭੈਣ ਅਤੇ ਤਾਇਆ ਨੇ ਦੱਸਿਆ ਕਿ ਕਈ ਮਿੰਟਾਂ ਤੱਕ ਬਾਥਰੂਮ ਵਿਚੋਂ ਕੋਈ ਹਰਕਤ ਨਾ ਹੋਣ ਕਰਕੇ ਉਹਨਾਂ ਨੇ ਬੇਚੈਨੀ ਵਿੱਚ ਦਰਵਾਜ਼ਾ ਤੋੜਿਆ। ਅੰਦਰ ਦਖਲ ਕਰਦਿਆਂ ਉਹਨਾਂ ਨੇ ਆਪਣੀ ਅੱਖਾਂ ਸਾਹਮਣੇ ਨਾਬਾਲਿਗ ਨੂੰ ਉਸਦੇ ਬਾਂਹ ‘ਚ ਸੂਈ ਲੱਗੀ ਹੋਈ ਹਾਲਤ ‘ਚ ਮੁਰਦਾ ਪਾਇਆ। ਇਹ ਦ੍ਰਿਸ਼ ਪਰਿਵਾਰ ਲਈ ਸੋਚ ਤੋਂ ਵੀ ਵੱਧ ਦਹਿਲਾ ਦੇਣ ਵਾਲਾ ਸੀ। ਉਨ੍ਹਾਂ ਮੰਗ ਕੀਤੀ ਕਿ ਇਲਾਕੇ ‘ਚ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਇਸ ਘਟਨਾ ਨੇ ਦੁਬਾਰਾ ਇਹ ਸਵਾਲ ਖੜੇ ਕਰ ਦਿੱਤੇ ਹਨ ਕਿ ਨਸ਼ੇ ਦੇ ਵਿਰੁੱਧ ਚਲ ਰਹੀਆਂ ਮੁਹਿੰਮਾਂ ਦੇ ਬਾਵਜੂਦ ਅਜੇ ਤੱਕ ਕਿੰਨਾ ਲਾਭ ਹੋਇਆ ਹੈ? ਨੌਜਵਾਨ ਜ਼ਿੰਦਗੀਆਂ ਖ਼ਤਮ ਹੋ ਰਹੀਆਂ ਹਨ, ਪਰ ਨਸ਼ਾ ਵਿਕਣਾ ਨਹੀਂ ਰੁਕ ਰਿਹਾ।
