ਬਠਿੰਡਾ-ਮਾਨਸਾ ਰੋਡ ‘ਤੇ ਭਿਆਨਕ ਹਾਦਸਾ, ਮਹਿਲਾ ਥਾਣਾ ਮਾਨਸਾ ਦੀ SHO ਬੇਅੰਤ ਕੌਰ ਦੀ ਮੌਕੇ ‘ਤੇ ਮੌਤ

ਨਿਊਜ਼ ਪੰਜਾਬ

16 ਜੂਨ,2026

ਬਠਿੰਡਾ-ਮਾਨਸਾ ਰੋਡ ‘ਤੇ ਮੰਗਲਵਾਰ ਤੜਕੇ ਗੁਰਦੁਆਰਾ ਤਿੱਤਰਸਰ ਸਾਹਿਬ ਨੇੜੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮਹਿਲਾ ਪੁਲਿਸ ਥਾਣਾ ਮਾਨਸਾ ਦੀ SHO ਇੰਸਪੈਕਟਰ ਬੇਅੰਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਹ ਆਪਣੀ ਕਾਰ ਰਾਹੀਂ ਡਿਊਟੀ ‘ਤੇ ਜਾ ਰਹੇ ਸਨ, ਜਦੋਂ ਉਨ੍ਹਾਂ ਦੀ ਗੱਡੀ ਤੂੜੀ ਨਾਲ ਭਰੀ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਉਨ੍ਹਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਇਸ ਘਟਨਾ ਨਾਲ ਪੁਲਿਸ ਵਿਭਾਗ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਦੱਸ ਦਈਏ ਕਿ ਇੰਸਪੈਕਟਰ ਬੇਅੰਤ ਕੌਰ ਇਸ ਸਮੇਂ ਮਹਿਲਾ ਪੁਲਿਸ ਥਾਣਾ ਮਾਨਸਾ ਵਿਖੇ SHO ਵਜੋਂ ਤਾਇਨਾਤ ਸਨ। ਉਹ ਮੂਲ ਰੂਪ ਤੋਂ ਪਿੰਡ ਜੰਗੀਰਾਣਾ ਨਾਲ ਸਬੰਧਿਤ ਸਨ ਅਤੇ ਉਨ੍ਹਾਂ ਦਾ ਵਿਆਹ ਪਿੰਡ ਮਾਈਸਰਖਾਨਾ ‘ਚ ਹੋਇਆ ਹੋਇਆ ਸੀ। ਉਹ ਆਪਣੇ ਪਿੱਛੇ ਪਤੀ ਅਤੇ ਦੋ ਛੋਟੇ ਬੱਚੇ ਛੱਡ ਗਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੋੜ ਦੀ ਪੁਲਸ ਟੀਮ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਭੇਜ ਦਿੱਤਾ। ਪੁਲਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।