ਅਸਾਮ ਦੇ ਕਾਜ਼ੀਰੰਗਾ ਵਿੱਚ ਭਿਆਨਕ ਸੜਕ ਹਾਦਸਾ, ਬੱਸ ਅਤੇ ਟਰੱਕ ਦੀ ਟੱਕਰ ’ਚ 23 ਲੋਕਾਂ ਦੀ ਮੌਤ, ਕਈ ਜ਼ਖਮੀ

ਨਿਊਜ਼ ਪੰਜਾਬ

13 ਨਵੰਬਰ,2026

ਅਸਾਮ ਦੇ ਕਾਜ਼ੀਰੰਗਾ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਯਾਤਰੀ ਬੱਸ ਅਤੇ ਕੰਟੇਨਰ ਟਰੱਕ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ 23 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਗੋਲਾਘਾਟ ਜ਼ਿਲ੍ਹੇ ਦੇ ਰੋਂਗਝਨ ਇਲਾਕੇ ਵਿੱਚ ਵਾਪਰਿਆ। ਜਾਣਕਾਰੀ ਅਨੁਸਾਰ, 35 ਤੋਂ ਵੱਧ ਯਾਤਰੀਆਂ ਨਾਲ ਭਰੀ ਮਿੰਨੀ ਬੱਸ ਤੇਜ਼ ਰਫ਼ਤਾਰ ਵਿੱਚ ਸੀ ਅਤੇ ਡਰਾਈਵਰ ਵੱਲੋਂ ਕੰਟਰੋਲ ਗੁਆਉਣ ਕਾਰਨ ਟਰੱਕ ਨਾਲ ਟਕਰਾ ਗਈ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ, ਜਦਕਿ ਗੰਭੀਰ ਜ਼ਖਮੀਆਂ ਨੂੰ ਬੋਕਾਖਤ ਅਤੇ ਜੋਰਹਾਟ ਦੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ। ਪੁਲਿਸ ਮੁਤਾਬਕ ਬੱਸ ਖ਼ਿਲਾਫ਼ ਪਹਿਲਾਂ ਵੀ ਤੇਜ਼ ਰਫ਼ਤਾਰ ਸਬੰਧੀ ਚਲਾਨ ਜਾਰੀ ਹੋ ਚੁੱਕੇ ਸਨ। ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਅਤੇ ਜ਼ਖਮੀਆਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।