ਨਿਊਜ਼ ਪੰਜਾਬ
3 ਜੂਨ 2026
ਚੰਡੀਗੜ੍ਹ ਦੇ ਸੈਕਟਰ-47 ਵਿੱਚ ਰਹਿੰਦੇ ਇੱਕ ਸੇਵਾਮੁਕਤ ਬੈਂਕ ਕਰਮਚਾਰੀ ਅਤੇ ਉਸ ਦੀ ਪਤਨੀ ਸਾਈਬਰ ਠੱਗਾਂ ਦਾ ਸ਼ਿਕਾਰ ਹੋ ਗਏ। ਠੱਗਾਂ ਨੇ ਆਪਣੇ ਆਪ ਨੂੰ ਸੀਬੀਆਈ ਅਧਿਕਾਰੀ ਦੱਸ ਕੇ ‘ਡਿਜੀਟਲ ਅਰੇਸਟ’ ਦਾ ਡਰ ਦਿਖਾਇਆ ਅਤੇ 15 ਦਿਨਾਂ ਤੱਕ ਜੋੜੇ ਨੂੰ ਮਾਨਸਿਕ ਦਬਾਅ ਹੇਠ ਰੱਖਿਆ। ਗ੍ਰਿਫ਼ਤਾਰੀ ਅਤੇ ਕਾਨੂੰਨੀ ਕਾਰਵਾਈ ਦੀਆਂ ਧਮਕੀਆਂ ਦੇ ਕੇ ਉਨ੍ਹਾਂ ਤੋਂ 2 ਕਰੋੜ 15 ਲੱਖ 50 ਹਜ਼ਾਰ ਰੁਪਏ ਵਸੂਲ ਕਰ ਲਏ। ਠੱਗਾਂ ਨੇ ਨਾ ਸਿਰਫ਼ ਬੈਂਕ ਖਾਤਿਆਂ ਰਾਹੀਂ ਰਕਮ ਟਰਾਂਸਫਰ ਕਰਵਾਈ, ਸਗੋਂ ਰਿਸ਼ਤੇਦਾਰਾਂ ਤੋਂ ਉਧਾਰ ਲਏ ਪੈਸੇ ਅਤੇ ਘਰ ਦੇ ਸੋਨੇ ਦੇ ਗਹਿਣੇ ਵੇਚ ਕੇ ਮਿਲੀ ਰਕਮ ਵੀ ਆਪਣੇ ਖਾਤਿਆਂ ਵਿੱਚ ਜਮ੍ਹਾਂ ਕਰਵਾ ਲਈ। ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਸਾਈਬਰ ਥਾਣਾ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਠੱਗਾਂ ਦੀ ਪਛਾਣ ਕਰਨ ਦੇ ਯਤਨ ਜਾਰੀ ਹਨ।
