ਨਿਊਜ਼ ਪੰਜਾਬ
19 ਮਈ 2026
ਦੇਸ਼ ਦੀ ਰਾਜਧਾਨੀ Delhi ਵਿੱਚ ਵਧ ਰਹੀ ਮਹਿੰਗਾਈ ਅਤੇ ਪੈਟਰੋਲ, ਡੀਜ਼ਲ ਤੇ ਸੀਐਨਜੀ ਦੀਆਂ ਕੀਮਤਾਂ ਖ਼ਿਲਾਫ਼ ਆਟੋ, ਟੈਕਸੀ ਅਤੇ ਕਮਰਸ਼ੀਅਲ ਵਾਹਨ ਚਾਲਕਾਂ ਦਾ ਗੁੱਸਾ ਹੁਣ ਸੜਕਾਂ ‘ਤੇ ਨਜ਼ਰ ਆਉਣ ਵਾਲਾ ਹੈ। ਵੱਖ-ਵੱਖ ਯੂਨੀਅਨਾਂ ਨੇ 21 ਮਈ ਤੋਂ 23 ਮਈ ਤੱਕ ਤਿੰਨ ਦਿਨਾਂ ਦੀ ਮੁਕੰਮਲ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਚਾਲਕਾਂ ਦੀ ਮੁੱਖ ਮੰਗ ਹੈ ਕਿ ਈਂਧਨ ਦੀਆਂ ਵਧੀਆਂ ਕੀਮਤਾਂ ਨੂੰ ਦੇਖਦੇ ਹੋਏ ਸਰਕਾਰ ਟੈਕਸੀ ਅਤੇ ਆਟੋ ਦੇ ਸਰਕਾਰੀ ਕਿਰਾਏ ਵਿੱਚ ਤੁਰੰਤ ਵਾਧਾ ਕਰੇ। ਯੂਨੀਅਨਾਂ ਦਾ ਕਹਿਣਾ ਹੈ ਕਿ ਲਗਾਤਾਰ ਮਹਿੰਗਾਈ ਕਾਰਨ ਡਰਾਈਵਰਾਂ ਲਈ ਘਰ ਦਾ ਖਰਚਾ ਚਲਾਉਣਾ ਮੁਸ਼ਕਲ ਹੋ ਗਿਆ ਹੈ। ਇਸ ਮਾਮਲੇ ‘ਚ ‘ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ’ ਵੱਲੋਂ ਉਪ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ ਗਿਆ ਹੈ।
ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਪਿਛਲੇ 15 ਸਾਲਾਂ ਤੋਂ Delhi-NCR ਵਿੱਚ ਟੈਕਸੀ ਕਿਰਾਏ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ, ਜਦਕਿ ਸੀਐਨਜੀ ਅਤੇ ਪੈਟਰੋਲ ਦੀਆਂ ਕੀਮਤਾਂ ਕਈ ਗੁਣਾ ਵਧ ਚੁੱਕੀਆਂ ਹਨ। ਉਨ੍ਹਾਂ ਨੇ ਦਿੱਲੀ ਸਰਕਾਰ ‘ਤੇ ਮਸਲੇ ਨੂੰ ਲਟਕਾਉਣ ਦੇ ਦੋਸ਼ ਵੀ ਲਗਾਏ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਨੋਟੀਫਿਕੇਸ਼ਨ ਜਾਰੀ ਨਾ ਹੋਇਆ ਤਾਂ ਅੰਦੋਲਨ ਨੂੰ ਦੇਸ਼-ਪੱਧਰੀ ਰੂਪ ਦਿੱਤਾ ਜਾਵੇਗਾ। ਪ੍ਰਦਰਸ਼ਨਕਾਰੀਆਂ ਨੇ Ola ਅਤੇ Uber ਵਰਗੀਆਂ ਐਪ-ਅਧਾਰਤ ਕੰਪਨੀਆਂ ‘ਤੇ ਵੀ ਮਨਮਾਨੀ ਕਿਰਾਇਆ ਵਸੂਲਣ ਦੇ ਦੋਸ਼ ਲਗਾਏ ਹਨ। ਇਸ ਤਿੰਨ ਦਿਨਾਂ ਦੀ ਹੜਤਾਲ ਕਾਰਨ ਦਿੱਲੀ ਆਉਣ-ਜਾਣ ਵਾਲੇ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
