RTE ਦਾਖਲੇ ਲਈ ਅਰਜ਼ੀ ਦੀ ਆਖਰੀ ਮਿਤੀ 2 ਮਈ: ਗਰੀਬ ਵਰਗਾਂ ਦੇ ਬੱਚਿਆਂ ਲਈ 25% ਸੀਟਾਂ ਰਾਖਵੀਆਂ

ਨਿਊਜ਼ ਪੰਜਾਬ

28 ਅਪ੍ਰੈਲ 2026

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ RTE ਐਕਟ 2009 ਅਧੀਨ 2026-27 ਸੈਸ਼ਨ ਲਈ ਆਨਲਾਈਨ ਅਰਜ਼ੀਆਂ ਦੀ ਆਖਰੀ ਮਿਤੀ 2 ਮਈ ਸ਼ਾਮ 5 ਵਜੇ ਤੈਅ ਕੀਤੀ ਹੈ।ਜ਼ਿਲ੍ਹਾ ਸਿੱਖਿਆ ਅਧਿਕਾਰੀ, ਪਠਾਨਕੋਟ, ਕਮਲਦੀਪ ਕੌਰ, ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਨੇ ਇਹ ਫੈਸਲਾ ਜਨਤਕ ਹਿੱਤ ਵਿੱਚ ਇਹ ਧਿਆਨ ਵਿਚ ਰੱਖਦੇ ਹੋਏ ਲਿਆ ਹੈ, ਤਾਂਜੋ ਵਧੇਰੇ ਯੋਗ ਉਮੀਦਵਾਰ ਅਤੇ ਲੋੜਵੰਦ ਪਰਿਵਾਰ ਇਸ ਸਰਕਾਰੀ ਯੋਜਨਾ ਦਾ ਲਾਭ ਉਠਾ ਸਕਣ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਮਿਲ ਸਕੇ।

ਇਸ ਯੋਜਨਾ ਤਹਿਤ ਨਿੱਜੀ ਸਕੂਲਾਂ ਵਿੱਚ 25 ਫੀਸਦੀ ਸੀਟਾਂ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ ਬੱਚਿਆਂ ਲਈ ਰਾਖਵੀਆਂ ਹਨ, ਜਿਨ੍ਹਾਂ ਨੂੰ ਮੁਫ਼ਤ ਸਿੱਖਿਆ ਮਿਲੇਗੀ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਅਰਜ਼ੀ ਪ੍ਰਕਿਰਿਆ ਪੂਰੀ ਤਰ੍ਹਾਂ ਡਿਜੀਟਲ ਹੈ। ਦਿਲਚਸਪੀ ਰੱਖਣ ਵਾਲੇ ਮਾਪਿਆਂ ਨੂੰ ਅਧਿਕਾਰਤ RTE ਪੋਰਟਲ https://rte.epunjabschool.gov.in ‘ਤੇ ਜਾ ਕੇ ਫਾਰਮ ਭਰਨਾ ਪਵੇਗਾ। ਕਿਸੇ ਵੀ ਹਾਲਤ ਵਿੱਚ ਆਫ਼ਲਾਈਨ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। 2 ਮਈ ਤੋਂ ਬਾਅਦ ਪੋਰਟਲ ਬੰਦ ਕਰ ਦਿੱਤਾ ਜਾਵੇਗਾ ਅਤੇ ਕੋਈ ਵੀ ਨਵੀਂ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ।

ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਦਾਖਲਾ ਚੋਣ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਰੱਖਿਆ ਗਿਆ ਹੈ। ਪਹਿਲਾਂ ਵਾਂਗ, ਬੱਚਿਆਂ ਦੀ ਚੋਣ ਆਨਲਾਈਨ ਡਰਾਅ (ਲਾਟਰੀ ਪ੍ਰਣਾਲੀ) ਰਾਹੀਂ ਕੀਤੀ ਜਾਵੇਗੀ। ਸਿੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਯੋਗਤਾ ਮਾਪਦੰਡਾਂ ਅਤੇ ਹੋਰ ਨਿਯਮਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦਿਲਚਸਪੀ ਰੱਖਣ ਵਾਲੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਨੂੰ ਯਕੀਨੀ ਬਣਾਉਣ ਲਈ ਸਮੇਂ ਸਿਰ ਅਰਜ਼ੀ ਦੇਣ ਦੀ ਅਪੀਲ ਕੀਤੀ ਹੈ।