ਐਨਸੀਬੀ ਹਿਰਾਸਤ ਮੌਤ ਮਾਮਲਾ: ਬੀਐਸਐਫ ਕਾਂਸਟੇਬਲ ਜਸਵਿੰਦਰ ਸਿੰਘ ਦੇ ਕੇਸ ਵਿੱਚ ਜਾਂਚ ਅਧਿਕਾਰੀ ਮੁਅੱਤਲ

ਨਿਊਜ਼ ਪੰਜਾਬ

25 ਅਪ੍ਰੈਲ 2026

ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਹਿਰਾਸਤ ਵਿੱਚ ਬੀਐਸਐਫ ਕਾਂਸਟੇਬਲ ਜਸਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਵੱਡੀ ਕਾਰਵਾਈ ਕਰਦਿਆਂ ਜਾਂਚ ਅਧਿਕਾਰੀ ਆਕਾਸ਼ ਰਾਏ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪਰਿਵਾਰ ਵੱਲੋਂ ਹਿਰਾਸਤ ਦੌਰਾਨ ਤਸ਼ੱਦਦ ਦੇ ਗੰਭੀਰ ਇਲਜ਼ਾਮ ਲਗਾਏ ਗਏ ਸਨ, ਜਿਸ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਵਿੱਚ ਮਿਲੇ 34 ਸੱਟਾਂ ਦੇ ਨਿਸ਼ਾਨਾਂ ਨਾਲ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਜਸਵਿੰਦਰ ਸਿੰਘ ਨੂੰ 3 ਮਾਰਚ ਨੂੰ ਐੱਨ ਸੀ ਬੀ ਨੇ ਮੀਰਾਂ ਸਾਹਿਬ ਚੌਕ ਨੇੜੇ ਨਸ਼ਿਆਂ ਨਾਲ ਸਬੰਧਤ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਹ ਉਸ ਸਮੇਂ ਕੌਮਾਂਤਰੀ ਸਰਹੱਦ ਦੇ ਨੇੜੇ ਸਥਿਤ ਆਪਣੇ ਪਿੰਡ ਦੀਵਾਨਗੜ੍ਹ ਵਾਪਸ ਜਾ ਰਿਹਾ ਸੀ ਅਤੇ ਆਪਣੀ ਮਾਂ ਲਈ ਦਵਾਈਆਂ ਲੈ ਕੇ ਆ ਰਿਹਾ ਸੀ, ਜੋ ਉਸ ਸਮੇਂ ਉਸ ਦੇ ਨਾਲ ਹੀ ਸੀ। ਐੱਨ ਸੀ ਬੀ ਅਧਿਕਾਰੀਆਂ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ 20 ਮਾਰਚ ਨੂੰ ਕੇਸ ਵਿੱਚ ਬਰਾਮਦਗੀ ਲਈ ਜੰਮੂ ਤੋਂ ਅੰਮ੍ਰਿਤਸਰ ਹੁੰਦੇ ਹੋਏ ਤਰਨਤਾਰਨ ਲਿਜਾਂਦੇ ਸਮੇਂ ਜਸਵਿੰਦਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਹੁਣ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ ਅਤੇ ਜਾਂਚ ਤੇਜ਼ ਹੋਣ ਦੀ ਸੰਭਾਵਨਾ ਹੈ।