ਈਰਾਨ-ਅਮਰੀਕਾ ਟਕਰਾਅ ਵਿਚਕਾਰ ਭਾਰਤ ਨੂੰ ਰਾਹਤ: ਐਲਪੀਜੀ ਨਾਲ ਭਰੇ ਦੋ ਵੱਡੇ ਜਹਾਜ਼ ਗੁਜਰਾਤ ਪਹੁੰਚੇ

ਨਿਊਜ਼ ਪੰਜਾਬ

17 ਮਾਰਚ 2026

ਈਰਾਨ-ਅਮਰੀਕਾ-ਇਜ਼ਰਾਈਲ ਟਕਰਾਅ ਕਾਰਨ ਬਣੇ ਗਲੋਬਲ ਤੇਲ ਅਤੇ ਗੈਸ ਸੰਕਟ ਦੇ ਦਰਮਿਆਨ ਭਾਰਤ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਐਲਪੀਜੀ ਦੀ ਘਾਟ ਨੂੰ ਘਟਾਉਣ ਲਈ ਲਗਾਤਾਰ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਸੋਮਵਾਰ ਨੂੰ ਸ਼ਿਵਾਲਿਕ ਜਹਾਜ਼ ਲਗਭਗ 45-46 ਹਜ਼ਾਰ ਮੈਟਰਿਕ ਟਨ ਐਲਪੀਜੀ ਲੈ ਕੇ ਮੁੰਦਰਾ ਬੰਦਰਗਾਹ ਪਹੁੰਚਿਆ ਸੀ, ਜਦਕਿ ਮੰਗਲਵਾਰ ਨੂੰ ਨੰਦਾ ਦੇਵੀ ਜਹਾਜ਼ ਕਰੀਬ 46,000 ਮੈਟਰਿਕ ਟਨ ਐਲਪੀਜੀ ਨਾਲ ਗੁਜਰਾਤ ਦੇ ਵਾਦੀਨਾਰ ਬੰਦਰਗਾਹ ‘ਤੇ ਡੌਕ ਕਰ ਗਿਆ। ਇਹ ਜਹਾਜ਼ 1 ਮਾਰਚ ਨੂੰ ਕਤਰ ਦੇ ਰਾਸ ਲਾਫਾਨ ਬੰਦਰਗਾਹ ਤੋਂ ਰਵਾਨਾ ਹੋਇਆ ਸੀ ਅਤੇ ਲਗਭਗ ਦੋ ਹਫ਼ਤਿਆਂ ਦੀ ਯਾਤਰਾ ਤੋਂ ਬਾਅਦ ਭਾਰਤ ਪਹੁੰਚਿਆ। ਹਾਲਾਂਕਿ ਸ਼ੁਰੂ ਵਿੱਚ ਇਸਨੂੰ ਕਾਂਡਲਾ ਵੱਲ ਜਾਣਾ ਸੀ, ਪਰ ਬਾਅਦ ਵਿੱਚ ਇਸਦਾ ਰੁਖ ਵਾਦੀਨਾਰ ਵੱਲ ਕਰ ਦਿੱਤਾ ਗਿਆ। ਸਰਕਾਰ ਨੇ ਕਿਹਾ ਹੈ ਕਿ ਸਥਿਤੀ ਕੰਟਰੋਲ ਵਿੱਚ ਹੈ, ਪਰ ਦੇਸ਼ ਦੇ ਕਈ ਸ਼ਹਿਰਾਂ ਵਿੱਚ ਐਲਪੀਜੀ ਦੀ ਮੰਗ ਅਤੇ ਸਪਲਾਈ ਵਿੱਚ ਅਸਮਾਨਤਾ ਦੇ ਅਸਰ ਅਜੇ ਵੀ ਦੇਖੇ ਜਾ ਰਹੇ ਹਨ।