ਆਂਧਰਾ ਪ੍ਰਦੇਸ਼ ਵਿੱਚ ਭਿਆਨਕ ਸੜਕ ਹਾਦਸਾ: ਬੋਲੇਰੋ ਤੇ ਲੋਰੀ ਦੀ ਟੱਕਰ, 8 ਦੀ ਮੌਤ, ਕਈ ਜ਼ਖਮੀ

ਨਿਊਜ਼ ਪੰਜਾਬ

16 ਅਪ੍ਰੈਲ 2026

ਆਂਧਰਾ ਪ੍ਰਦੇਸ਼ ਦੇ ਕਰਨੂਲ ਜ਼ਿਲ੍ਹੇ ਵਿੱਚ ਵੀਰਵਾਰ ਤੜਕੇ ਇੱਕ ਦਿਲ ਦਹਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਬੋਲੇਰੋ ਗੱਡੀ ਅਤੇ ਰੈਡੀ-ਮਿਕਸ ਲੋਰੀ ਵਿਚਕਾਰ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਮੰਤਰਾਲਯਮ ਮੰਡਲ ਦੇ ਚਿਲਾਕਾਲਡੋਨਾ ਨੇੜੇ ਵਾਪਰਿਆ, ਜਿੱਥੇ ਸ਼ਰਧਾਲੂਆਂ ਨਾਲ ਭਰੀ ਬੋਲੇਰੋ ਗੱਡੀ ਸਾਹਮਣੇ ਤੋਂ ਆ ਰਹੀ ਲੋਰੀ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਕਈ ਲੋਕ ਅੰਦਰ ਹੀ ਫਸ ਗਏ। ਇਸ ਦੁਖਦ ਘਟਨਾ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ, ਜਦਕਿ 12 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਤੁਰੰਤ ਐਮੀਗਨੂਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਮ੍ਰਿਤਕ ਕਰਨਾਟਕ ਦੇ ਰਹਿਣ ਵਾਲੇ ਸ਼ਰਧਾਲੂ ਸਨ ਜੋ ਮੰਤਰਾਲਯਮ ਮੰਦਰ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ। ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਮਲਬਾ ਹਟਾ ਕੇ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਅਤੇ ਮਾਮਲੇ ਦੀ ਜਾਂਚ ਜਾਰੀ ਹੈ।