ਗਰਮੀ ਦੇ ਮੱਦੇਨਜ਼ਰ ਪੰਜਾਬ ਵਿੱਚ ਸਿਹਤ ਅਦਾਰਿਆਂ ਦੇ ਸਮੇਂ ਬਦਲੇ, ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਸੇਵਾਵਾਂ

ਨਿਊਜ਼ ਪੰਜਾਬ

16 ਅਪ੍ਰੈਲ 2026

ਮੋਹਾਲੀ ਸਮੇਤ ਪੂਰੇ ਪੰਜਾਬ ਵਿੱਚ ਅੱਜ 16 ਅਪ੍ਰੈਲ ਤੋਂ ਸਰਕਾਰੀ ਸਿਹਤ ਅਦਾਰਿਆਂ ਦੇ ਖੁੱਲ੍ਹਣ ਅਤੇ ਬੰਦ ਹੋਣ ਦੇ ਸਮਿਆਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਹੁਣ ਇਹ ਅਦਾਰੇ ਸਵੇਰੇ 8 ਵਜੇ ਖੁੱਲ੍ਹਣਗੇ ਅਤੇ ਦੁਪਹਿਰ 2 ਵਜੇ ਬੰਦ ਹੋਣਗੇ, ਜਦਕਿ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ 24 ਘੰਟੇ ਜਾਰੀ ਰਹਿਣਗੀਆਂ। ਸਿਹਤ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਫੈਸਲਾ ਗਰਮੀ ਦੇ ਵੱਧਦੇ ਪ੍ਰਭਾਵ ਨੂੰ ਦੇਖਦਿਆਂ ਲਿਆ ਗਿਆ ਹੈ। ਸਿਵਲ ਸਰਜਨ ਡਾ. ਸੰਗੀਤਾ ਜੈਨ ਮੁਤਾਬਕ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ—ਜਿਵੇਂ ਜ਼ਿਲ੍ਹਾ ਹਸਪਤਾਲ ਮੋਹਾਲੀ, ਖਰੜ ਅਤੇ ਡੇਰਾਬੱਸੀ ਦੇ ਸਬ-ਡਵੀਜ਼ਨਲ ਹਸਪਤਾਲ, ਪ੍ਰਾਇਮਰੀ ਅਤੇ ਕਮਿਊਨਿਟੀ ਹੈਲਥ ਸੈਂਟਰ, ਆਯੁਸ਼ਮਾਨ ਹੈਲਥ ਐਂਡ ਵੈੱਲਨੈਸ ਸੈਂਟਰ ਅਤੇ ਆਮ ਆਦਮੀ ਕਲੀਨਿਕ—ਇਨ੍ਹਾਂ ਨਵੇਂ ਸਮਿਆਂ ਅਨੁਸਾਰ ਕੰਮ ਕਰਨਗੀਆਂ।

ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦੀ ਸਹੂਲਤ ਲਈ ਰਜਿਸਟਰੇਸ਼ਨ ਕਾਊਂਟਰ ਹਸਪਤਾਲ ਖੁੱਲ੍ਹਣ ਤੋਂ ਅੱਧਾ ਘੰਟਾ ਪਹਿਲਾਂ ਖੋਲ੍ਹੇ ਜਾਣਗੇ ਤਾਂ ਜੋ ਭੀੜ ਘੱਟ ਹੋਵੇ ਅਤੇ ਇਲਾਜ ਸਮੇਂ ਸਿਰ ਮਿਲ ਸਕੇ। ਹਾਲਾਂਕਿ ਦਫ਼ਤਰੀ ਕੰਮਕਾਜ ਦਾ ਸਮਾਂ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਪਹਿਲਾਂ ਵਾਂਗ ਹੀ ਰਹੇਗਾ।