ਨਿਊਜ਼ ਪੰਜਾਬ
26 ਫ਼ਰਵਰੀ 2026
ਤਰਨਤਾਰਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਆਮ ਆਦਮੀ ਪਾਰਟੀ ਦੇ ਸਰਪੰਚ ਹਰਬਰਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਅਹਿਮ ਕਾਮਯਾਬੀ ਮਿਲੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਕਤਲ ਦੀ ਸਾਜ਼ਿਸ਼ ਰਚਣ ਵਾਲੇ ਮੁੱਖ ਮੁਲਜ਼ਮ ਨੂੰ ਪੁਲਿਸ ਨੇ ਹਵਾਈ ਅੱਡੇ ਤੋਂ ਉਸ ਵੇਲੇ ਗ੍ਰਿਫਤਾਰ ਕਰ ਲਿਆ ਜਦੋਂ ਉਹ ਵਿਦੇਸ਼ ਭੱਜਣ ਦੀ ਤਿਆਰੀ ਵਿੱਚ ਸੀ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਚੋਲਾ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਹੀ ਪੂਰੀ ਹੱਤਿਆ ਦੀ ਯੋਜਨਾ ਤਿਆਰ ਕੀਤੀ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਪਿੰਡ ਜਲੋਕੇ ਦੇ ਹਥਾੜ ਇਲਾਕੇ ਵਿੱਚ ਐਨਕਾਊਂਟਰ ਦੌਰਾਨ ਦੋ ਮੁੱਖ ਮੁਲਜ਼ਮਾਂ ਨੂੰ ਜ਼ਖਮੀ ਹਾਲਤ ਵਿੱਚ ਕਾਬੂ ਕੀਤਾ ਸੀ।
ਜ਼ਿਕਰਯੋਗ ਹੈ ਕਿ ਸਰਪੰਚ ਹਰਬਰਿੰਦਰ ਸਿੰਘ ਦਾ ਕਤਲ ਬੀਤੇ ਬੁੱਧਵਾਰ ਨੂੰ ਸਿੱਧੂ ਫਾਰਮ ਵਿਖੇ ਇਕ ਵਿਆਹ ਸਮਾਗਮ ਦੌਰਾਨ ਗੋਲੀਆਂ ਮਾਰ ਕੇ ਕੀਤਾ ਗਿਆ ਸੀ। ਹੁਣ ਸਾਜ਼ਿਸ਼ਕਰਤਾ ਦੀ ਗ੍ਰਿਫਤਾਰੀ ਨਾਲ ਇਸ ਮਾਮਲੇ ਵਿੱਚ ਹੋਰ ਅਹਿਮ ਖੁਲਾਸਿਆਂ ਦੀ ਉਮੀਦ ਜਤਾਈ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਜਲਦੀ ਹੀ ਪ੍ਰੈਸ ਕਾਨਫਰੰਸ ਕਰਕੇ ਹੋਰ ਵੇਰਵੇ ਸਾਂਝੇ ਕੀਤੇ ਜਾਣਗੇ।
