ਨਿਊਜ਼ ਪੰਜਾਬ
7 ਫ਼ਰਵਰੀ 2026
ਪੰਜਾਬ ਦੇ ਲੁਧਿਆਣਾ ਵਿੱਚ ਵਾਰਡ ਨੰਬਰ 26 ਤੋਂ ਕਾਂਗਰਸ ਦੇ ਕੌਂਸਲਰ ਗੌਰਵ ਭੱਟੀ ਅਤੇ ਇੱਕ ਹੋਰ ਵਿਅਕਤੀ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਵਾਰਡ ਇੰਚਾਰਜ ਵੱਲੋਂ ਗੰਭੀਰ ਦੋਸ਼ ਲਗਾਏ ਗਏ ਹਨ। ਆਪ ਆਗੂ ਇੰਦਰਪਾਲ ਸਿੰਘ ਮਿੰਕੂ ਦੀ ਸ਼ਿਕਾਇਤ ਮੁਤਾਬਕ ਦੋਸ਼ ਹੈ ਕਿ ਕੌਂਸਲਰ ਅਤੇ ਉਸ ਦੇ ਸਾਥੀ ਨੇ ਮਿਲ ਕੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ’ਤੇ ਇੱਕ ਝੂਠਾ ਵੀਡੀਓ ਸ਼ੇਅਰ ਕੀਤਾ, ਜਿਸ ਰਾਹੀਂ ਉਸ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਵੀਡੀਓ ਵਿੱਚ ਆਪ ਨੇਤਾ ’ਤੇ ਹੈਲਥ ਕਾਰਡ ਬਣਵਾਉਣ ਦੇ ਬਦਲੇ ਪੈਸੇ ਲੈਣ ਦੇ ਆਰੋਪ ਲਗਾਏ ਗਏ ਸਨ।
ਇਸ ਮਾਮਲੇ ਸਬੰਧੀ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਦੋਵੇਂ ਆਰੋਪੀਆਂ ਖ਼ਿਲਾਫ਼ BNS ਦੀ ਧਾਰਾ 351(1,2) ਅਤੇ IT ਐਕਟ ਦੀ ਧਾਰਾ 67 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਕੌਂਸਲਰ ਗੌਰਵ ਭੱਟੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਦਾ ਮੋਬਾਈਲ ਫੋਨ ਬੰਦ ਮਿਲਿਆ। ਦੂਜੇ ਪਾਸੇ, ਕੌਂਸਲਰ ਗੌਰਵ ਭੱਟੀ ਨੇ ਆਪਣੇ ਫੇਸਬੁੱਕ ਪੋਸਟ ਰਾਹੀਂ FIR ਦਰਜ ਹੋਣ ’ਤੇ ਸਵਾਲ ਖੜੇ ਕਰਦਿਆਂ ਕਿਹਾ ਹੈ ਕਿ ਇਹ ਕਾਰਵਾਈ ਵਾਰਡ ਨੰਬਰ 26 ਦੇ ਨਿਵਾਸੀਆਂ ਦੀ ਆਵਾਜ਼ ਦਬਾਉਣ ਲਈ ਕੀਤੀ ਗਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
