ਨਿਊਜ਼ ਪੰਜਾਬ
7 ਫ਼ਰਵਰੀ 2026
ਖੇਡ ਜਗਤ ਤੋਂ ਆਈ ਇਸ ਮੰਦਭਾਗੀ ਘਟਨਾ ਨੇ ਹਰ ਕਿਸੇ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਸਟੇਟ ਲੈਵਲ ਮਹਿਲਾ ਪਹਿਲਵਾਨ ਨਿਧੀ ਸਿੰਘ (24) ਦੀ ਅਕਾਲ ਮੌਤ ਨਾਲ ਨਾ ਸਿਰਫ਼ ਉਸ ਦਾ ਪਰਿਵਾਰ, ਸਗੋਂ ਖੇਡ ਪ੍ਰੇਮੀ ਵੀ ਗਹਿਰੇ ਸੋਗ ਵਿੱਚ ਡੁੱਬ ਗਏ ਹਨ। ਨਿਧੀ ਨੇ ਬੁੱਧਵਾਰ ਨੂੰ ਕੀਟਨਾਸ਼ਕ ਦਾ ਸੇਵਨ ਕੀਤਾ ਸੀ, ਜਿਸ ਤੋਂ ਬਾਅਦ ਉਸ ਦੀ ਤਬੀਅਤ ਗੰਭੀਰ ਹੋ ਗਈ।
ਘਟਨਾ ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ਦੇ ਮਿਰਜ਼ਾਮੁਰਾਦ ਥਾਣਾ ਖੇਤਰ ਅਧੀਨ ਪੈਂਦੇ ਠਟਰਾ ਪਿੰਡ ਦੀ ਦੱਸੀ ਜਾ ਰਹੀ ਹੈ। ਪਰਿਵਾਰ ਵਾਲਿਆਂ ਨੂੰ ਜਿਵੇਂ ਹੀ ਇਸ ਬਾਰੇ ਪਤਾ ਲੱਗਿਆ, ਨਿਧੀ ਨੂੰ ਤੁਰੰਤ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਜਾਨ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ। ਪਰ ਇਲਾਜ ਦੌਰਾਨ ਸ਼ੁੱਕਰਵਾਰ ਨੂੰ ਉਸ ਦੀ ਹਾਲਤ ਹੋਰ ਵਿਗੜ ਗਈ ਅਤੇ ਆਖ਼ਿਰਕਾਰ ਉਸ ਨੇ ਦਮ ਤੋੜ ਦਿੱਤਾ।
ਨਿਧੀ ਨੂੰ ਉਸ ਦੇ ਭਰਾ ਸ਼ਿਵਮ ਵੱਲੋਂ ਟਰਾਮਾ ਸੈਂਟਰ ਲਿਜਾਇਆ ਗਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਨਿਧੀ ਹੌਂਸਲੇਵਾਨ ਅਤੇ ਮੇਹਨਤੀ ਖਿਡਾਰਣ ਸੀ, ਇਸ ਲਈ ਕਿਸੇ ਨੂੰ ਵੀ ਸਮਝ ਨਹੀਂ ਆ ਰਹੀ ਕਿ ਉਸ ਨੇ ਇਹਨਾ ਵੱਡਾ ਕਦਮ ਕਿਉਂ ਚੁੱਕਿਆ। ਪਰਿਵਾਰਕ ਪਿਛੋਕੜ ਵੀ ਕਾਫ਼ੀ ਦਰਦਨਾਕ ਰਹੀ ਹੈ—ਨਿਧੀ ਦੇ ਮਾਤਾ-ਪਿਤਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਅਤੇ 2024 ਵਿੱਚ ਉਸ ਦੇ ਚਾਚਾ ਸ਼ਿਵ ਪ੍ਰਕਾਸ਼ ਸਿੰਘ ਨੇ ਵੀ ਖ਼ੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਨਿਧੀ ਦਾ ਪਾਲਣ-ਪੋਸ਼ਣ ਉਸ ਦੇ ਦਾਦਾ ਮਾਤਾ ਦਿਆਲ ਸਿੰਘ ਅਤੇ ਦਾਦੀ ਸ਼ਿਆਮਾ ਸਿੰਘ ਨੇ ਕੀਤਾ।
ਨਿਧੀ ਇਸ ਸਮੇਂ ਬਸਮੱਟੀ ਯੂਨੀਵਰਸਿਟੀ ਤੋਂ ਬੀਐੱਸਸੀ ਦੀ ਪੜ੍ਹਾਈ ਕਰ ਰਹੀ ਸੀ ਅਤੇ ਨਾਲ ਹੀ ਕੁਸ਼ਤੀ ਵਿੱਚ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਦੇ ਸੁਪਨੇ ਦੇਖ ਰਹੀ ਸੀ। ਮਿਰਜ਼ਾਮੁਰਾਦ ਥਾਣਾ ਇੰਚਾਰਜ ਪ੍ਰਮੋਦ ਕੁਮਾਰ ਪਾਂਡੇ ਮੁਤਾਬਕ, ਮਾਮਲੇ ਦੀ ਜਾਂਚ ਜਾਰੀ ਹੈ ਅਤੇ ਖ਼ੁਦਕੁਸ਼ੀ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਘਟਨਾ ਸਥਾਨ ਤੋਂ ਕੋਈ ਸੁਸਾਈਡ ਨੋਟ ਵੀ ਬਰਾਮਦ ਨਹੀਂ ਹੋਇਆ।
