ਨਿਊਜ਼ ਪੰਜਾਬ
7 ਫ਼ਰਵਰੀ 2026
ਆਮ ਆਦਮੀ ਪਾਰਟੀ (AAP) ਮਹਿਲਾ ਵਿੰਗ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਬਠਿੰਡਾ ਦੀ ਮੌਜੂਦਾ ਸਰਪੰਚ ਸਤਵੀਰ ਕੌਰ ਖ਼ਿਲਾਫ਼ ਨੌਕਰੀ ਦੇ ਬਦਲੇ ਰਿਸ਼ਵਤ ਮੰਗਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਨੇ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤਾ ਹੈ।ਦੋਸ਼ ਹੈ ਕਿ ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਆਊਟਸੋਰਸਿੰਗ ‘ਤੇ ਡਰਾਈਵਰ ਦੀ ਨੌਕਰੀ ਲਵਾਈ ਸੀ, ਜਿਸ ਲਈ ਉਸ ਤੋਂ ਮਹੀਨਾਵਾਰ ਪੈਸੇ ਲਏ ਜਾਂਦੇ ਸਨ। ਜਦੋਂ ਉਹ ਪੈਸੇ ਦੇਣ ਵਿੱਚ ਅਸਫਲ ਰਹੀ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।
ਵਿਜੀਲੈਂਸ ਇੰਸਪੈਕਟਰ ਰਾਜਨਦੀਪ ਕੌਰ ਨੇ ਕਿਹਾ ਕਿ ਜੇਕਰ ਉਹ ਜਾਂਚ ਵਿੱਚ ਸ਼ਾਮਲ ਨਹੀਂ ਹੋਣਗੇ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।ਇਹ ਮਾਮਲਾ ਜਤਿੰਦਰ ਸਿੰਘ ਨਾਮ ਦੇ ਇੱਕ ਨੌਜਵਾਨ ਦੀ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਸੀ। ਜਤਿੰਦਰ ਸਿੰਘ ਨੇ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਉਨ੍ਹਾਂ ਨੇ ਆਪ ਮਹਿਲਾ ਵਿੰਗ ਦੀ ਤਤਕਾਲੀ ਜ਼ਿਲ੍ਹਾ ਪ੍ਰਧਾਨ ਸਤਵੀਰ ਕੌਰ (ਹੁਣ ਕਾਲਝਰਾਣੀ ਦੀ ਸਰਪੰਚ) ਅਤੇ ਇੱਕ ਸੂਬਾ ਪੱਧਰੀ ਚੇਅਰਮੈਨ ਖ਼ਿਲਾਫ਼ ਗੰਭੀਰ ਦੋਸ਼ ਲਗਾਏ। ਸਤਵੀਰ ਕੌਰ ਨੂੰ ਬਾਅਦ ਵਿੱਚ ਮਹਿਲਾ ਵਿੰਗ ਦੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।ਮਾਮਲਾ ਭ੍ਰਿਸ਼ਟਾਚਾਰ ਰੋਕਥਾਮ ਐਕਟ, 1988 ਦੀ ਧਾਰਾ 7-ਏ ਤਹਿਤ ਦਰਜ ਹੈ, ਜਦਕਿ ਜਾਂਚ ਦੌਰਾਨ ਸੰਬੰਧਿਤ ਵਿਭਾਗ ਦੇ ਚੇਅਰਮੈਨ ਦੀ ਭੂਮਿਕਾ ਵੀ ਖੰਗਾਲੀ ਜਾ ਰਹੀ ਹੈ।
