ਨਿਊਜ਼ ਪੰਜਾਬ
5 ਫ਼ਰਵਰੀ 2026
ਹਨੂੰਮਾਨਗੜ੍ਹ ਜ਼ਿਲ੍ਹੇ ਦੇ ਥਾਣਾ ਸੰਗਰੀਆ ਅਧੀਨ ਪੈਂਦੇ ਪਿੰਡ ਰਸੂਵਾਲਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਖੇਤ ਵਿੱਚ ਪਾਣੀ ਵਾਲੀ ਡਿੱਗੀ ਵਿੱਚ ਡੁੱਬਣ ਕਾਰਨ ਇੱਕ ਕਿਸਾਨ ਅਤੇ ਉਸ ਦੇ ਦੋ ਨੌਜਵਾਨ ਪੁੱਤਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਦੀਪ ਸਿੰਘ (40), ਲਖਵਿੰਦਰ ਸਿੰਘ (22) ਅਤੇ ਰਾਜਵਿੰਦਰ ਸਿੰਘ (16) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਤਿੰਨੋਂ ਪਿਓ-ਪੁੱਤਰ ਆਪਣੇ ਖੇਤ ਵਿੱਚ ਫ਼ਸਲ ’ਤੇ ਸਪਰੇਅ ਕਰਨ ਗਏ ਸਨ। ਇਸ ਦੌਰਾਨ ਰਾਜਵਿੰਦਰ ਪਾਣੀ ਲਿਆਉਣ ਲਈ ਗੁਆਂਢੀ ਦੇ ਖੇਤ ਵਿੱਚ ਗਿਆ, ਜਿੱਥੇ ਪਾਣੀ ਭਰਦੇ ਸਮੇਂ ਤਿਲਕਣ ਕਾਰਨ ਉਹ ਡਿੱਗੀ ਵਿੱਚ ਡਿੱਗ ਗਿਆ। ਪੁੱਤਰ ਦੀਆਂ ਚੀਕਾਂ ਸੁਣ ਕੇ ਲਖਵਿੰਦਰ ਉਸ ਨੂੰ ਬਚਾਉਣ ਲਈ ਦੌੜਿਆ ਪਰ ਉਹ ਵੀ ਸੰਤੁਲਨ ਗੁਆ ਬੈਠਾ ਅਤੇ ਡਿੱਗੀ ਵਿੱਚ ਡਿੱਗ ਗਿਆ।
ਬਾਅਦ ਵਿੱਚ ਗੁਰਦੀਪ ਸਿੰਘ ਨੇ ਦੋਵੇਂ ਪੁੱਤਰਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਡਿੱਗੀ ਵਿੱਚ ਛਾਲ ਮਾਰ ਦਿੱਤੀ, ਪਰ ਦੁੱਖਦਾਈ ਤੌਰ ’ਤੇ ਤਿੰਨਾਂ ਵਿੱਚੋਂ ਕੋਈ ਵੀ ਬਾਹਰ ਨਹੀਂ ਨਿਕਲ ਸਕਿਆ। ਕਾਫ਼ੀ ਦੇਰ ਤੱਕ ਘਰ ਵਾਪਸੀ ਨਾ ਹੋਣ ’ਤੇ ਪਰਿਵਾਰਕ ਮੈਂਬਰਾਂ ਵੱਲੋਂ ਭਾਲ ਕੀਤੀ ਗਈ, ਜਿਸ ਦੌਰਾਨ ਡਿੱਗੀ ਨੇੜਿਓਂ ਟੋਪੀ, ਬੈਲਟ, ਕੱਪੜੇ ਅਤੇ ਜੁੱਤੀਆਂ ਮਿਲਣ ਤੋਂ ਬਾਅਦ ਘਟਨਾ ਦਾ ਖੁਲਾਸਾ ਹੋਇਆ। ਪੁਲਿਸ ਨੇ ਲਾਸ਼ਾਂ ਨੂੰ ਰੱਸੀਆਂ ਦੀ ਮਦਦ ਨਾਲ ਬਾਹਰ ਕੱਢ ਕੇ ਪੋਸਟਮਾਰਟਮ ਮਗਰੋਂ ਪਰਿਵਾਰ ਨੂੰ ਸੌਂਪ ਦਿੱਤਾ। ਇਸ ਦਰਦਨਾਕ ਹਾਦਸੇ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ, ਜਦਕਿ ਪਰਿਵਾਰ ਵਿੱਚ ਹੁਣ ਗੁਰਦੀਪ ਸਿੰਘ ਦੀ ਪਤਨੀ ਅਤੇ ਇੱਕ ਧੀ ਹੀ ਬਚੀ ਹੈ।
