ਨਿਊਜ਼ ਪੰਜਾਬ
5 ਫ਼ਰਵਰੀ 2026
ਜਗਰਾਓ ਨੇੜੇ ਪਿੰਡ ਲੀਲਾਂ ਵਿੱਚ ਇਕ ਨਿੱਜੀ ਸਕੂਲ ਦੇ ਕੋਲ ਉਸ ਸਮੇਂ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਦੋਂ ਮੋਟਰਸਾਈਕਲ ’ਤੇ ਸਵਾਰ ਪਿੰਡ ਸਦਰਪੁਰਾ ਦੇ ਦੋ ਨੌਜਵਾਨ ਜਗਰਾਓ ਵੱਲ ਜਾ ਰਹੇ ਸਨ। ਇਸ ਦੌਰਾਨ ਤੇਜ਼ ਰਫ਼ਤਾਰ ਸਫਾਰੀ ਕਾਰ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਨੌਜਵਾਨ ਬਲਰਾਜ ਸਿੰਘ ਅਤੇ ਕ੍ਰਿਸ਼ਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਨੌਜਵਾਨਾਂ ਨੇ ਤੁਰੰਤ ਦਮ ਤੋੜ ਦਿੱਤਾ।
ਪਰਿਵਾਰਕ ਮੈਂਬਰਾਂ ਅਨੁਸਾਰ ਕ੍ਰਿਸ਼ਨ ਸਿੰਘ ਹਾਲ ਹੀ ਵਿੱਚ ਦੁਬਈ ਤੋਂ ਵਿਆਹ ਲਈ ਪਿੰਡ ਆਇਆ ਸੀ ਪਰ ਵਿਆਹ ਦੀ ਤਰੀਖ ਤਹਿ ਹੋਣ ਤੋਂ ਪਹਿਲਾਂ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿੱਧਵਾਂਬੇਟ ਦੇ ਐਸ.ਐਚ.ਓ. ਹੀਰਾ ਸਿੰਘ ਮੌਕੇ ’ਤੇ ਪਹੁੰਚੇ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਅਨੁਸਾਰ ਹਾਦਸਾ ਤੇਜ਼ ਰਫ਼ਤਾਰ ਕਾਰ ਅਤੇ ਮੋਟਰਸਾਈਕਲ ਵਿਚਕਾਰ ਟੱਕਰ ਕਾਰਨ ਵਾਪਰਿਆ ਹੈ, ਜਦਕਿ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ ਹਨ। ਪਰਿਵਾਰਕ ਮੈਂਬਰਾਂ ਦੀ ਮੰਗ ’ਤੇ ਕਾਰ ਚਾਲਕ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
