ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ‘ਚ ਕੁਰਲੀ ਮਾਮਲਾ: ਦਿੱਲੀ ਦੇ ਸੋਸ਼ਲ ਮੀਡੀਆ ਇਨਫਲੁਐਂਸਰ ਸੁਭਾਨ ਰੰਗਰੀਜ਼ ਨੇ ਮੰਗੀ ਮੁਆਫੀ, SGPC ਨੇ ਜਤਾਇਆ ਸੀ ਸਖ਼ਤ ਇਤਰਾਜ਼

ਨਿਊਜ਼ ਪੰਜਾਬ

17 ਜਨਵਰੀ 2026

ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਕੁਰਲੀ ਕਰਨ ਦੇ ਮਾਮਲੇ ਨੇ ਵਿਵਾਦ ਦਾ ਰੂਪ ਧਾਰ ਲਿਆ ਸੀ, ਜਿਸ ਤੋਂ ਬਾਅਦ ਦਿੱਲੀ ਦੇ ਰਹਿਣ ਵਾਲੇ ਸੋਸ਼ਲ ਮੀਡੀਆ ਇਨਫਲੁਐਂਸਰ ਸੁਭਾਨ ਰੰਗਰੀਜ਼ ਨੇ ਸਰਬਜਨਕ ਤੌਰ ‘ਤੇ ਮੁਆਫੀ ਮੰਗ ਲਈ ਹੈ। ਇਸ ਘਟਨਾ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਖ਼ਤ ਇਤਰਾਜ਼ ਜਤਾਇਆ ਗਿਆ ਸੀ

ਨੌਜਵਾਨ ਦਿੱਲੀ ਦਾ ਰਹਿਣ ਵਾਲਾ ਹੈ। ਉਹ ਇੱਕ ਸੋਸ਼ਲ ਮੀਡੀਆ ਇਨਫਲੁਐਂਸਰ ਹੈ। ਉਸਨੇ ਸਰੋਵਰ ‘ਤੇ ਪਹਿਲਾਂ ਜਲ ਛਕਿਆ, ਮੂੰਹ ਧੋਤਾ ਤੇ ਫਿਰ ਕੁਰਲੀ ਕੀਤੀ ਸੀ। ਨੌਜਵਾਨ ਨੇ ਆਪਣੇ ਆਪ ਨੂੰ ਮੁਸਲਿਮ ਸ਼ੇਰ ਦੱਸਦਿਆਂ ਇੰਸਟਾਗ੍ਰਾਮ ‘ਤੇ ਰੀਲ ਪੋਸਟ ਕੀਤੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਸ ‘ਤੇ ਸਖ਼ਤ ਇਤਰਾਜ਼ ਜਤਾਇਆ ਸੀ, ਜਿਸ ਮਗਰੋਂ ਵਿਵਾਦ ਹੋਣ ‘ਤੇ ਨੌਜਵਾਨ ਨੇ ਮੁਆਫੀ ਮੰਗਦਿਆਂ ਕਿਹਾ ਕਿ ਮੈਨੂੰ ਮਰਿਆਦਾ ਦਾ ਪਤਾ ਨਹੀਂ ਸੀ, ਉਸ ਨੇ ਕਿਹਾ ਕਿ ਨਾ ਹੀ ਮੌਕੇ ‘ਤੇ ਮੈਨੂੰ ਇਸ ਬਾਰੇ ਕਿਸੇ ਨੇ ਦੱਸਿਆ।

ਨੌਜਵਾਨ ਸੁਭਾਨ ਰੰਗਰੀਜ਼ ਨੇ ਕਿਹਾ ਕਿ “ਭਰਾਵੋ, ਮੈਂ ਤਿੰਨ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਗਿਆ ਸੀ। ਮੈਂ ਬਚਪਨ ਤੋਂ ਹੀ ਉੱਥੇ ਜਾਣਾ ਚਾਹੁੰਦਾ ਸੀ। ਮੈਨੂੰ ਉੱਥੇ ਦੀ ਮਰਿਆਦਾ ਦਾ ਪਤਾ ਨਹੀਂ ਸੀ। ਮੈਂ ਸਰੋਵਰ ਦੇ ਪਾਣੀ ਨਾਲ ਵਜੂ ਕੀਤਾ ਸੀ, ਧੋਖੇ ਨਾਲ ਮੇਰੇ ਮੂੰਹ ਤੋਂ ਪਾਣੀ ਨਿਕਲ ਕੇ ਉਸ ਵਿਚ ਡਿੱਗ ਗਿਆ। ਮੈਂ ਸਾਰੇ ਪੰਜਾਬੀ ਭਰਾਵਾਂ ਨੂੰ ਸੌਰੀ ਬੋਲਦਾ ਹਾਂ। ਮੈਂ ਉਥੇ ਆ ਕੇ ਵੀ ਸੌਰੀ ਬੋਲਾਂਗਾ। ਮੈ ਪੂਰੇ ਸਿੱਖ ਭਾਈਚਾਰੇ ਤੋਂ ਮਾਫੀ ਮੰਗਦਾ ਹਾਂ। ਮੈਂ ਸਾਰੇ ਧਰਮਾਂ ਦਾ ਸਨਮਾਨ ਕਰਦਾ ਹਾਂ।

ਸੁਭਾਨ ਰੰਗਰੀਜ਼ ਨੇ ਇੰਸਟਾਗ੍ਰਾਮ ‘ਤੇ ਆਪਣੇ ਦੋ ਵੀਡੀਓ ਸਾਂਝੇ ਕੀਤੇ ਸਨ। ਇੱਕ ਵਿੱਚ ਉਹ ਇੱਕ ਪਵਿੱਤਰ ਸਰੋਵਰ ਵਿੱਚ ਨੰਗੇ ਪੈਰ ਪਾ ਕੇ ਬੈਠਾ ਹੈ। ਇਸ ਦੌਰਾਨ ਉਹ 2-3 ਵਾਰ ਮੂੰਹ ਵਿਚ ਪਾਣੀ ਲੈਂਦਾ ਹੈ ਅਤੇ ਇੱਕ ਵਾਰ ਕੁਰਲੀ ਕਰ ਦਿੰਦਾ ਹੈ।ਦੂਜੇ ਵੀਡੀਓ ਵਿੱਚ, ਉਹ ਕਹਿੰਦਾ ਹੈ, “ਮੈਂ ਅੱਜ ਪੰਜਾਬ ਦੇ ਗੋਲਡਨ ਟੈਂਪਲ ਗਿਆ ਹਾਂ। ਭਰਾਵੋ, ਅਜਿਹਾ ਹਿੰਦੁਸਤਾਨ ਚਾਹੀਏ, ਇਥੇ ਸਭ ਨੇ ਸਿਰ ‘ਤੇ ਪੱਗ ਬੰਨ੍ਹੀ ਹੋਈ ਹੈ। ਸਾਰੇ ਆਪਣੇ ਪੰਜਾਬੀ ਭਰਾ ਹਨ। ਸਿਰਫ ਮੈਂ ਸਿਰ ‘ਤੇ ਟੋਪੀ ਪਾਈ ਹੋਈ ਹੈ, ਪਰ ਕਿਸੇ ਨੇ ਮੇਰੇ ਤੋਂ ਇਹ ਨਹੀਂ ਪੁੱਛਿਆ ਕਿ ਭਾਈ, ਤੂੰ ਟੋਪੀ ਕਿਉਂ ਪਾਈ ਹੋਈ ਹੈ। ਕਿਉਂਕਿ ਹਿੰਦੂ, ਮੁਸਲਿਮ, ਸਿੱਖ ਇਸਾਈ ਆਪਸ ਮੇਂ ਹੈਂ ਭਾਈ-ਭਾਈ ਤੇ ਭਰਾ-ਭਰਾ ਹੀ ਬਣ ਕੇ ਰਹਿਣਾ ਚਾਹੀਦਾ ਹੈ।