ਗਰਭਵਤੀ ਭਾਰਤੀ ਔਰਤਾਂ ਲਈ ਅਮਰੀਕੀ ਵੀਜ਼ਾ ‘ਤੇ ਸਖ਼ਤੀ: ਟਰੰਪ ਸਰਕਾਰ ਦਾ ਨਵਾਂ ਐਲਾਨ

ਨਿਊਜ਼ ਪੰਜਾਬ

12 ਦਸੰਬਰ 2025

ਭਾਰਤ ਵਿੱਚ ਅਮਰੀਕੀ ਦੂਤਘਰ ਨੇ ਐਲਾਨ ਕੀਤਾ ਹੈ ਕਿ ਗਰਭਵਤੀ ਭਾਰਤੀ ਔਰਤਾਂ ਨੂੰ ਵੀਜ਼ਾ ਜਾਰੀ ਕਰਨ ਵੇਲੇ ਹੁਣ ਵਿਸ਼ੇਸ਼ ਸਾਵਧਾਨੀ ਵਰਤੀ ਜਾਵੇਗੀ। ਦੂਤਘਰ ਦਾ ਕਹਿਣਾ ਹੈ ਕਿ ਜੇ ਕਿਸੇ ਅਰਜ਼ੀਕਾਰ ਦੀ ਯਾਤਰਾ ਦਾ ਮੁੱਖ ਉਦੇਸ਼ ਅਮਰੀਕਾ ਜਾ ਕੇ ਬੱਚੇ ਦਾ ਜਨਮ ਕਰਵਾਉਣਾ ਅਤੇ ਉਸਨੂੰ ਜਨਮ ਅਧਾਰਿਤ ਅਮਰੀਕੀ ਨਾਗਰਿਕਤਾ ਦਿਵਾਉਣਾ ਲੱਗੇ, ਤਾਂ ਐਸੀ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਜਾਵੇਗਾ।

ਅਮਰੀਕਾ ਨੇ ਇਸ ਪ੍ਰਕਿਰਿਆ ਨੂੰ “ਬਰਥ ਟੂਰਿਜਮ” ਦਾ ਨਾਮ ਦਿੱਤਾ ਹੈ, ਅਤੇ ਇਸ ‘ਤੇ ਰੋਕ ਲਗਾਣ ਲਈ ਟਰੰਪ ਪ੍ਰਸ਼ਾਸਨ ਦੇ ਸਮੇਂ ਤੋਂ ਹੀ ਸਖ਼ਤ ਕਦਮ ਚੱਲ ਰਹੇ ਹਨ। ਦੂਤਘਰ ਦੇ ਬਿਆਨ ਅਨੁਸਾਰ, ਸੈਲਾਨੀ ਵੀਜ਼ਾ (B1/B2 Visa) ਦਾ ਇਸ ਮਕਸਦ ਲਈ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ।

ਅਮਰੀਕੀ ਸੰਵਿਧਾਨ ਦੀ 14ਵੀਂ ਸੋਧ ਮੁਤਾਬਕ, ਅਮਰੀਕੀ ਧਰਤੀ ‘ਤੇ ਪੈਦਾ ਹੋਇਆ ਬੱਚਾ ਆਪਣੇ ਆਪ ਅਮਰੀਕੀ ਨਾਗਰਿਕ ਬਣ ਜਾਂਦਾ ਹੈ—ਭਾਵੇਂ ਮਾਤਾ-ਪਿਤਾ ਕਿਸੇ ਵੀ ਦੇਸ਼ ਤੋਂ ਹੋਣ। ਹਾਲਾਂਕਿ, ਇਹ ਨਿਯਮ ਵਿਦੇਸ਼ੀ ਡਿਪਲੋਮੈਟਾਂ ਦੇ ਬੱਚਿਆਂ ‘ਤੇ ਲਾਗੂ ਨਹੀਂ ਹੁੰਦਾ।

ਦੂਤਘਰ ਦਾ ਮੰਨਣਾ ਹੈ ਕਿ ਹਰ ਸਾਲ ਬੜੀ ਸੰਖਿਆ ਵਿੱਚ ਵਿਦੇਸ਼ੀ ਗਰਭਵਤੀ ਔਰਤਾਂ ਟੂਰਿਸਟ ਵੀਜ਼ਾ ਰਾਹੀਂ ਅਮਰੀਕਾ ਪਹੁੰਚਦੀਆਂ ਹਨ, ਜਿਸ ਕਾਰਨ ਇਮਿਗ੍ਰੇਸ਼ਨ ਪ੍ਰਬੰਧਨ ‘ਚ ਗੰਭੀਰ ਚੁਣੌਤੀਆਂ ਪੈਦਾ ਹੋ ਰਹੀਆਂ ਹਨ। ਇਸੇ ਲਈ ਹੁਣ ਵੀਜ਼ਾ ਇੰਟਰਵਿਊ ਦੇ ਦੌਰਾਨ ਅਧਿਕਾਰੀ ਯਾਤਰਾ ਦੇ ਉਦੇਸ਼ ਬਾਰੇ ਹੋਰ ਸਖ਼ਤੀ ਨਾਲ ਜਾਂਚ ਕਰਨਗੇ।