ਨਿਊਜ਼ ਪੰਜਾਬ
12 ਦਸੰਬਰ 2025
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2025-26 ਤੋਂ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਵੱਡੇ ਬਦਲਾਅ ਕਰਨ ਦਾ ਫ਼ੈਸਲਾ ਕੀਤਾ ਹੈ। ਨਵੇਂ ਨਿਯਮਾਂ ਅਨੁਸਾਰ ਪ੍ਰਸ਼ਨ ਪੱਤਰਾਂ ਦਾ ਮੁਸ਼ਕਲ ਪੱਧਰ ਵਧਾਇਆ ਗਿਆ ਹੈ, ਤਾਂ ਜੋ ਵਿਦਿਆਰਥੀਆਂ ਦੀ ਸੰਕਲਪਾਤਮਕ ਸਮਝ ਅਤੇ ਵਿਸ਼ਲੇਸ਼ਣ-ਸ਼ਕਤੀ ਨੂੰ ਮਜ਼ਬੂਤ ਕੀਤਾ ਜਾ ਸਕੇ। ਹੁਣ ਆਸਾਨ ਸਵਾਲਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ, ਜਦਕਿ ਔਖੇ ਸਵਾਲਾਂ ਦਾ ਹਿੱਸਾ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਬਜੈਕਟਿਵ ਸਵਾਲ ਵੀ 40% ਤੋਂ ਘਟਾ ਕੇ 25% ਕਰ ਦਿੱਤੇ ਗਏ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਰੱਟੇ ਦੀ ਬਜਾਏ ਪੂਰੇ ਚੈਪਟਰ ਦੀ ਗਹਿਰਾਈ ਨਾਲ ਤਿਆਰੀ ਕਰਨੀ ਪਵੇਗੀ।
ਬੋਰਡ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਹੁਣ 25% ਪ੍ਰਸ਼ਨ ਸਿੱਧੇ ਚੈਪਟਰ ਦੇ ਅੰਦਰਲੇ ਹਿੱਸੇ ਵਿੱਚੋਂ ਪੁੱਛੇ ਜਾਣਗੇ, ਇਸ ਲਈ ਅਧਿਆਪਕਾਂ ਨੂੰ ਵੀ ਪਾਠ ਪੜ੍ਹਾਉਣ ਦੀ ਪੁਰਾਣੀ ਰਵਾਇਤ ਬਦਲਣੀ ਪਵੇਗੀ। ਉਹਨਾਂ ਨੂੰ ਵਿਦਿਆਰਥੀਆਂ ਨੂੰ ਵੱਧ ਵਿਚਾਰਸ਼ੀਲ ਢੰਗ ਨਾਲ ਤਿਆਰ ਕਰਨਾ ਹੋਵੇਗਾ, ਤਾਂ ਜੋ ਉਹ ਨਵੇਂ ਪ੍ਰੀਖਿਆ ਪੈਟਰਨ ਮੁਤਾਬਕ ਚੁਣੌਤੀਆਂ ਦਾ ਸਾਹਮਣਾ ਕਰ ਸਕਣ। ਇਹ ਬਦਲਾਅ ਪ੍ਰੀਖਿਆ ਪ੍ਰਣਾਲੀ ਨੂੰ ਹੋਰ ਜ਼ਿਆਦਾ ਵਿਹਾਰਕ ਤੇ ਨਿਰਪੱਖ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
