ਸ਼ਤਾਬਦੀਆਂ ਨੂੰ ਸਮਰਪਿਤ ਚਾਰ ਰੋਜ਼ਾ 34ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ 11 ਦਸੰਬਰ ਤੋਂ 14 ਦਸੰਬਰ ਤੱਕ ਹੋਵੇਗਾ – ਸੰਤ ਅਮੀਰ ਸਿੰਘ ਜੀ

ਲੁਧਿਆਣਾ 5 ਦਸੰਬਰ (ਪ੍ਰਿਤਪਾਲ ਸਿੰਘ ਪਾਲੀ ): ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਅੱਜ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਉਚਰੀ ਇਲਾਹੀ ਬਾਣੀ ਜਿੱਥੇ ਸਾਨੂੰ ਅਧਿਆਤਮਕ ਮਾਰਗ ਤੇ ਚੱਲਣ ਦੀ ਪ੍ਰੇਣਾ ਦਿੰਦੀ ਹੈ, ਉੱਥੇ ਗੁਰਬਾਣੀ ਨੂੰ ਗਾਇਨ ਕਰਨ ਦੀ ਕੀਰਤਨ ਸ਼ੈਲੀ ਸਾਨੂੰ ਪ੍ਰਮੇਸ਼ਵਰ ਦੀ ਬੰਦਗੀ (ਪ੍ਰੇਮਾ ਭਗਤੀ) ਨਾਲ ਜੁੜ ਕੇ ਆਪਣੇ ਅੰਦਰ ਰੁਹਾਨੀ ਪ੍ਰੇਮ ਪੈਦਾ ਕਰਨ ਦਾ ਰਸਤਾ ਵੀ ਦਰਸਾਉਦੀ ਹੈ। ਇਸ ਲਈ ਸਾਨੂੰ ਗੁਰਬਾਣੀ ਕੀਰਤਨ ਦਾ ਲਾਹਾ ਲੈ ਕੇ ਅਧਿਆਤਮਕ ਤੇ ਰੁਹਾਨੀਅਤ ਦੇ ਸਕੂਨ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।ਉਨ੍ਹਾ ਨੇ ਕਿਹਾ ਕਿ ਇਸੇ ਮਿਸ਼ਨ ਦੀ ਪ੍ਰਾਪਤੀ ਅਤੇ ਗੁਰਮਤਿ ਸੰਗੀਤ ਦੀ ਪ੍ਰਫੱਲਤਾ ਲਈ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋ ਆਰੰਭੀ ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਦੀ ਲੜੀ ਦੇ ਅੰਤਰਗਤ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਅਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾਗੱਦੀ ਨੂੰ ਸਮਰਪਿਤ ਮਿਤੀ 11 ਦਸੰਬਰ ਤੋਂ 14 ਦਸੰਬਰ 2025 ਤੱਕ ਚੱਲਣ ਵਾਲਾ ਚਾਰ ਰੋਜ਼ਾ 34ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਇੱਕ ਯਾਦਗਾਰੀ ਗੁਰਮਤਿ ਸੰਗੀਤ ਸੰਮੇਲਨ ਹੋਵੇਗਾ।ਜਿਸ ਵਿੱਚ ਪੰਥ ਦੇ ਮਹਾਨ ਪ੍ਰਸਿੱਧ ਰਾਗੀ ਜੱਥਿਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਧੰੰਨ ਧੰੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਬਾਣੀ ਅਤੇ ਸਲੋਕ ਮਹਲਾ 9 ਦਾ ਰਾਗਾਤਮਕ ਕੀਰਤਨ ਹੋਵੇਗਾ। ਇਸ ਸੰਮੇਲਨ ਵਿੱਚ ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਸਰਬਜਿੰਦਰ ਸਿੰਘ, ਡਾ. ਹਰਜੋਧ ਸਿੰਘ, ਡਾ. ਅਨੁਰਾਗ ਸਿੰਘ, ਡਾ. ਸੁਖਦਿਆਲ ਸਿੰਘ ਅਤੇ ਡਾ. ਕਰਮਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।ਸੰਤ ਬਾਬਾ ਅਮੀਰ ਸਿੰਘ ਜੀ ਨੇ ਆਪਣੀ ਗੱਲਬਾਤ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਵਾਰ ਦਾ ਗੁਰਮਤਿ ਸੰਗੀਤ ਅਵਾਰਡ ਭਾਈ ਕੰਵਲਪਾਲ ਸਿੰਘ ਦੇਹਰਾਦੂਨ ਵਾਲਿਆਂ ਨੂੰ ਦਿੱਤਾ ਜਾਵੇਗਾ।ਇਸ ਚਾਰ ਰੋਜ਼ਾ ਚੱਲਣ ਵਾਲੇ ਗੁਰਮਤਿ ਸੰਗੀਤ ਦੇ ਇਸ ਮਹਾਨ ਕੁੰਭ ਅੰਦਰ ਦੇਸ਼- ਵਿਦੇਸ਼ ਤੋ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜਣਗੀਆਂ।ਜਿੰਨ੍ਹਾਂ ਦੇ ਰਹਿਣ- ਸਹਿਣ ਦੇ ਪ੍ਰਬੰਧ ਕਰਨ ਲਈ ਵੱਡੇ ਪੱਧਰ ਤੇ ਤਿਆਰੀਆਂ ਨਿਰੰਤਰ ਚੱਲ ਰਹੀਆਂ ਹਨ।ਉਨ੍ਹਾਂ ਨੇ ਸਮੂਹ ਸੰਗਤਾਂ ਤੇ ਗੁਰਮਤਿ ਸੰਗੀਤ ਪ੍ਰੇਮੀਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਆਯੋਜਿਤ ਕੀਤੇ ਜਾਣ ਵਾਲੇ 34ਵੇਂ ਗੁਰਮਤਿ ਸੰਗੀਤ ਸੰਮੇਲਨ ਵਿੱਚ ਆਪਣੀਆਂ ਹਾਜ਼ਰੀਆਂ ਭਰਕੇ ਇਸ ਨੂੰ ਇੱਕ ਅਦੁੱਤੀ ਯਾਦਗਾਰੀ ਗੁਰਮਤਿ ਸੰਗੀਤ ਸੰਮੇਲਨ ਬਣਾਉਣ।