ਨਿਊਜ਼ ਪੰਜਾਬ
12 ਨਵੰਬਰ 2025
ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਗਰਮੀ ਆ ਗਈ ਹੈ। ਕਾਂਗਰਸ ਦੇ ਪ੍ਰਧਾਨ ਤੇ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ ਹੁਣ ਮਾਮਲਾ ਹੋ ਗਿਆ ਹੈ ਹੋਰ ਵੀ ਗੰਭੀਰ।
ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਨੇ ਪੁਲਿਸ ਨੂੰ ਸਪਸ਼ਟ ਹੁਕਮ ਦਿੱਤੇ ਹਨ, ਰਾਜਾ ਵੜਿੰਗ ਨੂੰ 20 ਨਵੰਬਰ ਤੱਕ ਗ੍ਰਿਫ਼ਤਾਰ ਕੀਤਾ ਜਾਵੇ।ਮਿਲੀ ਜਾਣਕਾਰੀ ਮੁਤਾਬਕ, ਕਪੂਰਥਲਾ ਦੇ ਐਸਐਸਪੀ ਨੇ ਕਮਿਸ਼ਨ ਅੱਗੇ ਉਸ ਮਾਮਲੇ ਦੀ ਸਟੇਟਸ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਰਾਜਾ ਵੜਿੰਗ ਉੱਤੇ ਸਾਬਕਾ ਕੇਂਦਰੀ ਮੰਤਰੀ ਐਸ. ਬੂਟਾ ਸਿੰਘ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਹਨ।
ਇਸ ਦੌਰਾਨ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਪੁਲਿਸ ਅਧਿਕਾਰੀਆਂ ਤੋਂ ਪੁੱਛਿਆ ਕਿ ਗ੍ਰਿਫ਼ਤਾਰੀ ਵਿੱਚ ਦੇਰੀ ਕਿਉਂ ਹੋ ਰਹੀ ਹੈ? ਡੀਐਸਪੀ ਹਰਗੁਰਦੇਵ ਸਿੰਘ ਨੇ ਜਵਾਬ ਦਿੱਤਾ ਕਿ ਸ਼ਿਕਾਇਤਕਰਤਾ ਸਰਬਜੋਤ ਸਿੰਘ ਦਾ ਬਿਆਨ ਦਰਜ ਕੀਤਾ ਜਾ ਚੁੱਕਾ ਹੈ ਅਤੇ ਜਾਤੀ ਸਰਟੀਫਿਕੇਟ ਵੀ ਮਿਲ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੀਡੀਆ ਰਿਕਾਰਡਾਂ ਨੂੰ ਫੋਰੈਂਸਿਕ ਟੈਸਟ ਲਈ ਭੇਜਿਆ ਗਿਆ ਹੈ।
ਪਰ ਗੜ੍ਹੀ ਨੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਨਾਰਾਜ਼ਗੀ ਜਤਾਉਂਦੇ ਕਿਹਾ ਕਿ “ਰਾਜਾ ਵੜਿੰਗ ਕੋਈ ਗੁੰਮਸ਼ੁਦਾ ਸ਼ਖ਼ਸ ਨਹੀਂ। ਉਹ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦਿਖਾਈ ਦੇ ਰਿਹਾ ਹੈ, ਫਿਰ ਵੀ ਤੁਸੀਂ ਕਿਉਂ ਨਹੀਂ ਲੱਭ ਸਕੇ?”
ਪੁਲਿਸ ਵੱਲੋਂ ਤਕਨੀਕੀ ਕਾਰਵਾਈ ਦਾ ਹਵਾਲਾ ਦਿੱਤਾ ਗਿਆ, ਪਰ ਚੇਅਰਮੈਨ ਨੇ ਸਾਫ਼ ਹੁਕਮ ਦਿੱਤੇ — “ਕਿਸੇ ਵੀ ਹਾਲਤ ਵਿੱਚ 20 ਨਵੰਬਰ ਤੱਕ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ।”ਇਸ ਤੋਂ ਇਲਾਵਾ, ਕਮਿਸ਼ਨ ਨੇ ਪੁਲਿਸ ਨੂੰ 19 ਨਵੰਬਰ ਤੱਕ ਨਵੀਂ ਰਿਪੋਰਟ ਪੇਸ਼ ਕਰਨ ਅਤੇ ਹਫ਼ਤਾਵਾਰੀ ਤੌਰ ‘ਤੇ ਕੇਸ ਦੀ ਪ੍ਰਗਤੀ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ।
ਪੰਜਾਬ ਦੀ ਰਾਜਨੀਤੀ ਵਿੱਚ ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਰਾਜਾ ਵੜਿੰਗ ਇਸ ਸਥਿਤੀ ‘ਚ ਕਿਹੜਾ ਰੁੱਖ ਅਖ਼ਤਿਆਰ ਕਰਦੇ ਹਨ — ਚੁੱਪੀ ਜਾਂ ਚੁਣੌਤੀ।
