ਨਿਊਜ਼ ਪੰਜਾਬ
4 ਨਵੰਬਰ 2025
ਪੰਜਾਬ ਰਾਜ ਦੀਵਾਲੀ ਬੰਪਰ ਲਾਟਰੀ 2025 ਦਾ 11 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲਾ ਵਿਜੇਤਾ ਆਖ਼ਿਰਕਾਰ ਲੱਭ ਹੀ ਗਿਆ ਹੈ। ਲਾਟਰੀ ਵਿਜੇਤਾ ਰਾਜਸਥਾਨ ਦੇ ਜ਼ਿਲ੍ਹਾ ਜੈਪੁਰ ਦੇ ਪਿੰਡ ਕਠਪੁਤਲੀ ਦਾ ਰਹਿਣ ਵਾਲਾ ਅਮਿਤ ਸੇਹੜਾ ਹੈ, ਜੋ ਰੋਜ਼ਾਨਾ ਪਿੰਡਾਂ ਵਿਚ ਸਬਜ਼ੀ ਵੇਚ ਕੇ ਗੁਜ਼ਾਰਾ ਕਰਦਾ ਹੈ। ਸਬਜ਼ੀ ਵੇਚਣ ਵਾਲੇ ਅਮਿਤ ਦੀ ਕਿਸਮਤ ਚਮਕ ਗਈ ਹੈ। ਹੁਣ ਇਸ ਲਾਟਰੀ ਦਾ ਜੇਤੂ ਜੈਪੁਰ ਤੋਂ ਬਠਿੰਡਾ ਪਹੁੰਚੇਗਾ।
ਜਾਣਕਾਰੀ ਅਨੁਸਾਰ ਜਿਸ ਦੀ ਲਾਟਰੀ ਨਿਕਲੀ ਹੈ ,ਉਹ ਰਾਜਸਥਾਨ ਦੇ ਜੈਪੁਰ ਦੇ ਕਠਪੁਤਲੀ ਦਾ ਰਹਿਣ ਵਾਲਾ ਅਮਿਤ ਸੇਹੜਾ ਸਬਜ਼ੀ ਦੀ ਰੇਹੜੀ ਲਗਾਉਂਦਾ ਹੈ। ਜਦੋਂ ਅਮਿਤ ਸੇਹੜਾ ਬਠਿੰਡਾ ਆਇਆ ਸੀ ਤਾਂ ਬਠਿੰਡਾ ਦੇ ਰਤਨ ਲਾਟਰੀ ਕਾਊਂਟਰ ਤੋਂ A ਸੀਰੀਜ਼ ਦਾ 438586 ਨੰਬਰ ਵਾਲਾ ਟਿਕਟ ਖਰੀਦਿਆ ਸੀ। ਟਿਕਟ ਖਰੀਦਣ ਤੋਂ ਬਾਅਦ ਉਸ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਦੀ ਕਿਸਮਤ ਇੰਨੀ ਜਲਦੀ ਬਦਲਣ ਵਾਲੀ ਹੈ।
ਦੱਸ ਦੇਈਏ ਕਿ 31 ਅਕਤੂਬਰ ਨੂੰ ਇਸ ਲਾਟਰੀ ਦਾ ਡ੍ਰਾਅ ਕੱਢਿਆ ਗਿਆ ਸੀ, ਜਿਸ ਵਿੱਚ 11 ਕਰੋੜ ਰੁਪਏ ਦਾ ਪਹਿਲਾ ਇਨਾਮ ਅਮਿਤ ਦੇ ਨਾਮ ਨਿਕਲਿਆ ਸੀ। 31 ਅਕਤੂਬਰ ਨੂੰ ਡਰਾਅ ਨਿਕਲਣ ਤੋਂ ਬਾਅਦ ਰਤਨ ਲਾਟਰੀ ਕਾਊਂਟਰ ਦੇ ਮਾਲਕ ਉਮੇਸ਼ ਕੁਮਾਰ ਅਤੇ ਮੈਨੇਜਰ ਕਰਨ ਕੁਮਾਰ ਵੱਲੋਂ ਪਿਛਲੇ ਪੰਜ ਦਿਨਾਂ ਤੋਂ ਇਸ ਟਿਕਟ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਸੀ। ਕਈ ਕੋਸ਼ਿਸ਼ਾਂ ਤੋਂ ਬਾਅਦ ਅੰਤ ਵਿੱਚ ਜੇਤੂ ਦਾ ਪਤਾ ਲੱਗ ਗਿਆ। ਉਹ ਆਪਣੀ ਟਿਕਟ ਲੈ ਕੇ ਅੱਜ ਦੁਪਹਿਰੇ ਬਠਿੰਡਾ ਪੁੱਜ ਰਿਹਾ ਹੈ।
