ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੇ ਸਾਊਥ ਵਿੰਗ ਦੀ ਮੀਟਿੰਗ ਹੋਈ

ਗੁਰਦੀਸ਼ ਕੌਰ ਗਰੇਵਾਲ

ਕੈਲਗਰੀ: ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੇ ਮੈਂਬਰਾਂ ਦੀ ਗਿਣਤੀ ਦੇ ਲਗਾਤਾਰ ਵਧਣ ਕਾਰਨ, ਪਿਛਲੇ ਸਾਲ ਇਸ ਦੇ ਸਾਊਥ ਵਿੰਗ ਦਾ ਗਠਨ ਕੀਤਾ ਗਿਆ- ਜਿਸ ਵਿੱਚ ਸਾਊਥ ਈਸਟ ਤੇ ਸਾਊਥ ਵੈਸਟ ਦੇ ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ। ਇਹ ਮੀਟਿੰਗ ਹਰ ਮਹੀਨੇ ਦੇ ਚੌਥੇ ਐਤਵਾਰ ਹੁੰਦੀ ਹੈ।

ਸਤੰਬਰ ਮਹੀਨੇ ਦੀ ਇਹ ਮੀਟਿੰਗ 28 ਸਤੰਬਰ ਨੂੰ ਸੀਟਨ ਲਾਈਬਰੇਰੀ ਸਾਊਥ ਈਸਟ ਵਿਖੇ ਹੋਈ। ਇਸ ਮੀਟਿੰਗ ਵਿੱਚ 20  ਮੈਂਬਰਾਂ ਨੇ ਹਿੱਸਾ ਲਿਆ। ਇਸ ਵਿੰਗ ਦੀ ਇੰਚਾਰਜ ਨੌਜਵਾਨ ਮੈਂਬਰ ਤਮੰਨਾ ਇਸ ਮੀਟਿੰਗ ਦੇ ਪ੍ਰਬੰਧ ਦੀ ਸਾਰੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾ ਰਹੀ ਹੈ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ, ਸਭ ਤੋਂ ਪਹਿਲਾਂ ਉਸਨੇ ਨਵੇਂ ਆਏ ਤਿੰਨ ਮੈਂਬਰਾਂ ਨੂੰ ਆਪਣੀ ਜਾਣ ਪਛਾਣ ਦੇਣ ਲਈ ਕਿਹਾ। ਸਿਲਵਰਐਡੋ ਸਾਊਥ ਵੈਸਟ ਤੋਂ ਆਏ ਨਰਿੰਦਰ ਬਾਜਵਾ, ਮੌਹਾਗਨੀ ਤੋਂ ਆਏ ਜਤਿੰਦਰ ਗਰੇਵਾਲ, ਅਤੇ ਲਖਵਿੰਦਰ ਕੌਰ ਨੇ ਆਪਣੇ ਪਿਛੋਕੜ, ਆਪਣੇ ਪਰਿਵਾਰ ਅਤੇ ਕੈਨੇਡਾ ਆਉਣ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਸਭਾ ਦੀ ਕੋਆਰਡੀਨੇਟਰ ਗੁਰਚਰਨ ਥਿੰਦ ਨੇ ਪ੍ਰੋਫੈਸਰ ਸਾਹਿਬ ਸਿੰਘ ਦੇ ਦੇਖੇ ਨਾਟਕ ‘ਬੇਸਮੈਂਟ ਵਿੱਚ ਤਰੇੜ ਹੈ’ ਦੀ ਕਹਾਣੀ ਸਾਂਝੀ ਕਰਦਿਆਂ, ਰਿਸ਼ਤਿਆਂ ਵਿੱਚ ਆਈਆਂ ਤਰੇੜਾਂ ਨੂੰ ਮੇਟਣ ਦੀ ਸਲਾਹ ਦਿੱਤੀ। ਉਹਨਾਂ ਜਨਰੇਸ਼ਨ ਗੈਪ ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਸੀਨੀਅਰਜ਼ ਨੂੰ ਅਗਲੀ ਪੀੜ੍ਹੀ ਦੇ ਨਾਲ ਬਦਲਣਾ ਪਏਗਾ, ਤਾਂ ਹੀ ਸਾਡੇ ਘਰਾਂ ਦੇ ਮਹੌਲ ਠੀਕ ਹੋ ਸਕਦੇ ਹਨ। ਉਹਨਾਂ ਦੇ ਨਾਲ ਆਏ ਸੋਸ਼ਲ ਵਰਕਰ ਹਰਪ੍ਰੀਤ ਕੌਰ ਨੇ ਵੀ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ। ਸਭਾ ਦੀ ਉਪ ਪ੍ਰਧਾਨ ਗੁਰਦੀਸ਼ ਕੌਰ ਗਰੇਵਾਲ ਨੇ ਦੱਸਿਆ ਕਿ ਸਾਡੀ ਸਭਾ ਦੇ ਦਰਵਾਜ਼ੇ ਹਰ ਉਮਰ ਵਰਗ ਅਤੇ ਹਰ ਕਮਿਊਨਿਟੀ ਲਈ ਖੁੱਲ੍ਹੇ ਹਨ, ਇਹੀ ਕਾਰਨ ਹੈ ਕਿ ਅੱਜ ਵੀ ਇਸ ਸਭਾ ਵਿੱਚ ਚਾਰ ਮੈਂਬਰ ਮਾਵਾਂ ਧੀਆਂ ਦੇ ਰੂਪ ਵਿੱਚ ਬੈਠੇ ਹਨ। ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ, ਉਨਾਂ ਨੇ ਲੋੜਵੰਦਾਂ ਦੀ ਮਦਦ ਕਰਨ ਦੀ ਪ੍ਰੇਰਨਾ ਵੀ ਦਿੱਤੀ। ਸਭਾ ਦੀ ਗੱਲ ਕਰਦਿਆਂ, ਉਹਨਾਂ ਇਹ ਵੀ ਮਾਣ ਨਾਲ ਦੱਸਿਆ ਕਿ ਸਾਡੀ ਐਸੋਸੀਏਸ਼ਨ ਨੇ, ਕਈ ਘਰਾਂ ਦੇ ਮਸਲੇ ਗੱਲਬਾਤ ਰਾਹੀਂ ਹੱਲ ਕੀਤੇ ਹਨ। ਗੁਰਚਰਨ ਥਿੰਦ ਨੇ ਵੀ ਇਸ ਵਿਸ਼ੇ ਤੇ ਆਪਣੇ ਅਨੁਭਵ ਸਾਂਝੇ ਕੀਤੇ।

ਹੱਸਮੁਖ ਸੁਭਾਅ ਦੇ ਮਾਲਕ, ਦਿੱਲੀ ਤੋਂ ਆਏ ਹੋਏ ਤਮੰਨਾ ਦੇ ਮੰਮੀ ਪ੍ਰੌਮਿਲਾ ਰਾਣੀ ( ਉਰਫ ਪੰਮੀ) ਨੇ ਆਪ ਬੀਤੀਆਂ ਸੁਣਾ ਕੇ, ਮਾਹੌਲ ਖੁਸ਼ਗਵਾਰ ਬਣਾਈ ਰੱਖਿਆ। ਬਾਕੀ ਮੈਂਬਰਾਂ ਨੇ ਵੀ ਆਪੋ ਆਪਣੇ ਇਲਾਕੇ ਦੀਆਂ ਵਿਸ਼ੇਸ਼ਤਾਵਾਂ ਦੱਸ ਕੇ, ਖੂਬ ਰੌਣਕ ਲਾਈ। ਤਮੰਨਾ ਨੇ ਕਿਹਾ ਕਿ ਆਪਣੇ ਘਰਾਂ ਵਿੱਚ ਰਿਪੇਅਰ ਦਾ ਕੰਮ ਕਰਨ ਆਏ ਜਾਂ ਕੋਰੀਅਰ ਆਦਿ ਦੇਣ ਆਇਆਂ ਨੂੰ ਵੀ, ਇਨਸਾਨੀਅਤ ਦੇ ਨਾਤੇ, ਚਾਹ ਪਾਣੀ ਪੁੱਛ ਲੈਣ ਵਿੱਚ ਸਾਨੂੰ ਸੰਕੋਚ ਨਹੀਂ ਕਰਨਾ ਚਾਹੀਦਾ।

ਅੰਤ ਤੇ ਗੁਰਚਰਨ ਥਿੰਦ ਨੇ 19 ਅਕਤੂਬਰ ਨੂੰ ਜੈਸਿਸ ਸੈਂਟਰ ਵਿਖੇ ਹੋਣ ਵਾਲੇ ਦਿਵਾਲੀ ਫੈਸਟੀਵਲ ਦੇ ਕਲਚਰਲ ਪ੍ਰੋਗਰਾਮ ਵਿੱਚ, ਸਭਾ ਦੇ ਸਾਊਥ ਵਿੰਗ ਨੂੰ ਵੀ ਹਿੱਸਾ ਪਾਉਣ ਲਈ ਕਿਹਾ। ਤੁਰੰਤ ਮੌਕੇ ਤੇ ਹੀ, ਕੁਝ ਮੈਂਬਰਾਂ ਨੇ ਗੀਤ ਸੰਗੀਤ, ਡਾਂਸ ਅਤੇ ਸਕਿੱਟ ਦੀ ਪੇਸ਼ਕਸ਼ ਕੀਤੀ।

ਸੋ ਇਸ ਤਰ੍ਹਾਂ ਇਹ ਮੀਟਿੰਗ ਸਾਰਥਕ ਹੋਰ ਨਿਬੜੀ। ਤਮੰਨਾ, ਅਰਪਨ ਕੜਵਲ ਅਤੇ ਅਮਰਦੀਪ ਕੌਰ ਨੇ, ਸਭਾ ਵੱਲੋਂ ਪ੍ਰਬੰਧ ਕੀਤੇ ਸਵਾਦਲੇ ਭੋਜਨ ਨੂੰ, ਲਿਆਉਣ ਅਤੇ ਵਰਤਾਉਣ ਦੀ ਸੇਵਾ ਨਿਭਾਈ।