ਨਿਊਜ਼ ਪੰਜਾਬ
ਨਵੀਂ ਦਿੱਲੀ, 2 ਸਤੰਬਰ, 2025
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਸ਼ਾਮ ਨੂੰ ਆਪਣੇ ਦੋ ਦੇਸ਼ਾਂ ਦੇ ਦੌਰੇ ਦੀ ਸਮਾਪਤੀ ਤੋਂ ਬਾਅਦ ਦਿੱਲੀ ਪਹੁੰਚਣ ਤੋਂ ਤੁਰੰਤ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਨ ਕੀਤਾ ਅਤੇ ਰਾਜ ਵਿੱਚ ਮੀਂਹ ਅਤੇ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਬਾਰੇ ਚਰਚਾ ਕੀਤੀ। PM ਮੋਦੀ ਨੇ ਪੰਜਾਬ ਨੂੰ ਹਰ ਸੰਭਵ ਮਦਦ ਅਤੇ ਸਮਰਥਨ ਦਾ ਭਰੋਸਾ ਦਿੱਤਾ।
ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਹੜ੍ਹਾਂ ਕਾਰਨ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ।ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਦੀ ਚਪੇਟ ਵਿੱਚ ਹਨ। ਇਨ੍ਹਾਂ ਵਿੱਚ ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਤਰਨਤਾਰਨ, ਹੁਸ਼ਿਆਰਪੁਰ, ਮੋਗਾ, ਗੁਰਦਾਸਪੁਰ ਅਤੇ ਬਰਨਾਲਾ ਸ਼ਾਮਲ ਹਨ। ਜਲੰਧਰ ਲਈ ਵੀ ਅਲਰਟ ਜਾਰੀ ਕੀਤਾ ਗਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ 1312 ਪਿੰਡ ਪ੍ਰਭਾਵਿਤ ਹੋ ਚੁੱਕੇ ਹਨ।
ਭਾਖੜਾ ਡੈਂਮ ਵਿੱਚ ਪਾਣੀ ਦਾ ਪੱਧਰ ਫਿਰ ਵਧ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਪਾਣੀ 2.40 ਫੁੱਟ ਚੜ੍ਹ ਕੇ 1675.08 ਫੁੱਟ ਤੱਕ ਪਹੁੰਚ ਗਿਆ ਹੈ, ਜੋ ਵੱਧ ਤੋਂ ਵੱਧ ਸੀਮਾ 1680 ਫੁੱਟ ਤੋਂ ਕੇਵਲ 5 ਫੁੱਟ ਘੱਟ ਹੈ। ਸਤਲੁਜ ਵਿੱਚੋਂ ਆ ਰਿਹਾ ਪਾਣੀ 1.9 ਲੱਖ ਕਿਊਸੈਕ ਤੱਕ ਵਧ ਗਿਆ ਹੈ, ਜਦਕਿ ਸਿਰਫ਼ 53 ਹਜ਼ਾਰ ਕਿਊਸੈਕ ਪਾਣੀ ਹੀ ਬਾਹਰ ਛੱਡਿਆ ਗਿਆ ਹੈ। ਇਸ ਕਰਕੇ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ। ਪੋਂਗ ਡੈਂਮ ਦਾ ਪਾਣੀ ਇਸ ਵੇਲੇ 1390.36 ਫੁੱਟ ਹੈ, ਜਿੱਥੇ 1.1 ਲੱਖ ਕਿਊਸੈਕ ਪਾਣੀ ਛੱਡਿਆ ਗਿਆ। ਰਣਜੀਤ ਸਾਗਰ ਡੈਂਮ ਵੀ ਪਿਛਲੇ ਹਫ਼ਤੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਸੀ ਅਤੇ ਹੁਣ ਵੀ ਗੰਭੀਰ ਹਾਲਤ ਵਿੱਚ ਹੈ।
ਲਗਭਗ ਤਿੰਨ ਲੱਖ ਏਕੜ ਖੇਤੀਬਾੜੀ ਵਾਲੀ ਜ਼ਮੀਨ, ਖ਼ਾਸਕਰ ਝੋਨੇ ਦੀ ਫ਼ਸਲ, ਪਾਣੀ ਵਿੱਚ ਡੁੱਬੀ ਹੋਈ ਹੈ, ਜਿਸ ਕਾਰਨ ਕਟਾਈ ਤੋਂ ਕੁਝ ਹਫ਼ਤੇ ਪਹਿਲਾਂ ਹੀ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ। ਇਸ ਦੇ ਨਾਲ ਹੀ, ਪਸ਼ੂ-ਧਨ ਦੀ ਵੱਡੇ ਪੱਧਰ ‘ਤੇ ਹੋਈ ਮੌਤਾਂ ਨੇ ਪਿੰਡਾਂ ਦੇ ਪਰਿਵਾਰਾਂ ਨੂੰ ਗੰਭੀਰ ਆਰਥਿਕ ਝਟਕਾ ਦਿੱਤਾ ਹੈ।ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਸੀ ।
ਪੱਤਰ ਵਿਚ ਮੁੱਖ ਮੰਤਰੀ ਨੇ ਆਖਿਆ ਸੀ ਕਿ ਪੰਜਾਬ ਲਈ ਇਹ ਔਖਾ ਸਮਾਂ, ਕੇਂਦਰ ਸਰਕਾਰ ਪੰਜਾਬ ਦੇ 60,000 ਕਰੋੜ ਰੁਪਏ ਦੇ ਬਕਾਇਆ ਫੰਡ ਨੂੰ ਜਾਰੀ ਕਰੇ। ਕੇਂਦਰ ਤੋਂ SDRF ਨਿਯਮਾਂ ਵਿੱਚ ਬਦਲਾਅ ਦੀ ਮੰਗ ਕੀਤੀ ਗਈ ਤਾਂ ਜੋ ਕਿਸਾਨਾਂ ਨੂੰ ਹੜ੍ਹਾਂ ਦੇ ਨੁਕਸਾਨ ਦੀ ਮੁਆਵਜ਼ਾ ਰਾਸ਼ੀ 50,000 ਰੁਪਏ ਤੱਕ ਵਧਾਈ ਜਾ ਸਕੇ।
ਪੰਜਾਬ ਸਰਕਾਰ ਕਿਸਾਨਾਂ ਨੂੰ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣਾ ਚਾਹੁੰਦੀ ਹੈ। ਕੇਂਦਰ ਤੋਂ ਸਹਿਮਤੀ ਮੰਗੀ ਗਈ ਹੈ। ਪੰਜਾਬ ਹੁਣ ਤੱਕ ਦੀ ਸਭ ਤੋਂ ਗੰਭੀਰ ਹੜ੍ਹ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਸੂਬੇ ਦੇ 1000 ਪਿੰਡ ਅਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ।
