ਪੱਛਮੀ ਬੰਗਾਲ ‘ਚ ਬੱਸ-ਟਰੱਕ ਦੀ ਜ਼ਬਰਦਸਤ ਟੱਕਰ; 10 ਦੀ ਮੌਤ, 30 ਤੋਂ ਵੱਧ ਗੰਭੀਰ ਜ਼ਖਮੀ…

ਨਿਊਜ਼ ਪੰਜਾਬ

15 ਅਗਸਤ 2025

ਪੱਛਮੀ ਬੰਗਾਲ ਦੇ ਬਰਧਮਾਨ ਜ਼ਿਲ੍ਹੇ ਵਿੱਚ 15 ਅਗਸਤ ਸਵੇਰੇ ਲਗਭਗ 7 ਵਜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਨੈਸ਼ਨਲ ਹਾਈਵੇਅ-19 ‘ਤੇ ਫੱਗੂਪੁਰ ਨੇੜੇ ਇੱਕ ਬੱਸ ਖੜ੍ਹੇ ਟਰੱਕ ਨਾਲ ਜ਼ਬਰਦਸਤ ਟਕਰਾ ਗਈ, ਜਿਸ ਕਾਰਨ 10 ਯਾਤਰੀਆਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋ ਗਏ। ਹਾਦਸੇ ਦਾ ਸ਼ਿਕਾਰ ਹੋਏ ਜ਼ਿਆਦਾਤਰ ਲੋਕ ਬਿਹਾਰ ਦੇ ਦੱਸੇ ਜਾ ਰਹੇ ਹਨ। ਮਰਨ ਵਾਲਿਆਂ ਵਿੱਚ 2 ਔਰਤਾਂ ਅਤੇ 8 ਪੁਰਸ਼ ਸ਼ਾਮਲ ਹਨ

ਸਥਾਨਕ ਲੋਕਾਂ ਦੇ ਅਨੁਸਾਰ, ਬੱਸ ਵਿੱਚ ਕੁੱਲ 45 ਯਾਤਰੀ ਸਨ, ਜਿਨ੍ਹਾਂ ਵਿੱਚ 5 ਬੱਚੇ ਵੀ ਸਨ। ਇਹ ਸਾਰੇ ਯਾਤਰੀ ਬਿਹਾਰ ਤੋਂ ਗੰਗਾਸਾਗਰ ਇਸ਼ਨਾਨ ਕਰਕੇ ਵਾਪਸ ਆ ਰਹੇ ਸਨ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚੱਕਨਾ-ਚੂਰ ਹੋ ਗਿਆ ਅਤੇ ਕਈ ਯਾਤਰੀ ਅੰਦਰ ਫਸ ਗਏ। ਸਥਾਨਕ ਲੋਕਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਕੇ ਫਸੇ ਹੋਏ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਐਂਬੂਲੈਂਸਾਂ ਰਾਹੀਂ ਜ਼ਖਮੀਆਂ ਨੂੰ ਬਰਧਮਾਨ ਮੈਡੀਕਲ ਕਾਲਜ ਅਤੇ ਨੇੜਲੇ ਹਸਪਤਾਲਾਂ ਵਿੱਚ ਭੇਜਿਆ ਗਿਆ।

ਪੁਲਿਸ ਅਤੇ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਕਰੇਨ ਦੀ ਮਦਦ ਨਾਲ ਬੱਸ ਨੂੰ ਟਰੱਕ ਤੋਂ ਵੱਖ ਕੀਤਾ। ਪ੍ਰਸ਼ਾਸਨ ਅਨੁਸਾਰ, ਬਿਨਾਂ ਚੇਤਾਵਨੀ ਦੇ ਸੜਕ ‘ਤੇ ਖੜ੍ਹਾ ਟਰੱਕ ਅਤੇ ਬੱਸ ਦੀ ਤੇਜ਼ ਰਫ਼ਤਾਰ ਹਾਦਸੇ ਦੇ ਮੁੱਖ ਕਾਰਨ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।