ਨਿਊਜ਼ ਪੰਜਾਬ
15 ਅਗਸਤ 2025
ਪੰਜਾਬੀ ਸੰਗੀਤ ਜਗਤ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਆਪਣੀ ਗਾਇਕੀ ਨਾਲ ਛੋਟੇ ਸਮੇਂ ਵਿੱਚ ਵੱਡਾ ਨਾਮ ਬਣਾਉਣ ਵਾਲੇ ਮਸ਼ਹੂਰ ਗਾਇਕ ਗੁਰ ਸਿੱਧੂ ਦੇ ਪਿਤਾ ਅਤੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਸਰਪੰਚ ਸੁਖਬੀਰ ਸਿੰਘ ਸਿੱਧੂ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਸੰਗੀਤ ਪ੍ਰੇਮੀਆਂ ਅਤੇ ਪਿੰਡ ਵਾਸੀਆਂ ਵਿੱਚ ਗਹਿਰਾ ਸ਼ੋਕ ਛਾ ਗਿਆ ਹੈ।
ਜਾਣਕਾਰੀ ਮੁਤਾਬਕ, ਸੁਖਬੀਰ ਸਿੰਘ ਸਿੱਧੂ ਨੂੰ ਦੇਰ ਰਾਤ ਦਿਲ ਦਾ ਦੌਰਾ ਪਿਆ, ਜਿਸ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੇ ਆਖ਼ਰੀ ਸਾਹ ਲਏ। ਪਿੰਡ ਅਤੇ ਇਲਾਕੇ ਦੇ ਲੋਕਾਂ ਨੇ ਇਸ ਖ਼ਬਰ ਨੂੰ ਸੁਣ ਕੇ ਗਹਿਰਾ ਦੁੱਖ ਪ੍ਰਗਟਾਇਆ ਹੈ। ਸੰਗੀਤ ਇੰਡਸਟਰੀ ਦੇ ਕਈ ਚਿਹਰੇ ਵੀ ਸੋਸ਼ਲ ਮੀਡੀਆ ਰਾਹੀਂ ਸ਼ੋਕ ਸੰਦੇਸ਼ ਸਾਂਝੇ ਕਰ ਰਹੇ ਹਨ।
ਭੁੱਚੋ ਮੰਡੀ ਹਲਕੇ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਸੁਖਬੀਰ ਸਿੰਘ ਸਿੱਧੂ ਦੀ ਮੌਤ ਦੀ ਪੁਸ਼ਟੀ ਕਰਦਿਆਂ ਪਰਿਵਾਰ ਪ੍ਰਤੀ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਲਿਖਿਆ ਕਿ ਸੁਖਬੀਰ ਸਿੰਘ ਸਿੱਧੂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਦੇ ਚਰਨਾਂ ਵਿੱਚ ਲੀਨ ਹੋ ਗਏ ਹਨ ਅਤੇ ਵਾਹਿਗੁਰੂ ਤੋਂ ਪ੍ਰਾਰਥਨਾ ਕੀਤੀ ਕਿ ਇਸ ਔਖੇ ਸਮੇਂ ਵਿੱਚ ਪਰਿਵਾਰ ਨੂੰ ਹਿੰਮਤ ਪ੍ਰਦਾਨ ਕਰੇ।
