ਫਰੀਦਕੋਟ’ਚ ਸੁੰਨਸਾਨ ਥਾਵਾਂ ‘ਤੇ ਰਾਹਗੀਰਾਂ ਨੂੰ ਲੁੱਟ-ਖੋਹ ਕਰਨ ਵਾਲੇ 5 ਮੁਲਜ਼ਮ ਤੇਜ਼ਧਾਰ ਹਥਿਆਰਾ ਸਮੇਤ ਗ੍ਰਿਫਤਾਰ

ਨਿਊਜ਼ ਪੰਜਾਬ

24 ਜੁਲਾਈ 2025

ਪੰਜਾਬ ਦੇ ਫਰੀਦਕੋਟ ਵਿੱਚ ਪੁਲਿਸ ਨੇ ਰਾਹਗੀਰਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਲੁੱਟਣ ਵਾਲੇ ਇੱਕ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਇੱਕ ਸੁੰਨਸਾਨ ਜਗ੍ਹਾ ‘ਤੇ ਬੈਠੇ ਸਨ ਅਤੇ ਲੁੱਟ ਦੀ ਯੋਜਨਾ ਬਣਾ ਰਹੇ ਸਨ। ਇਨ੍ਹਾਂ ਦੋਸ਼ੀਆਂ ਦੀ ਪਛਾਣ ਤਰਸੇਮ ਸਿੰਘ ਉਰਫ ਸੇਮਾ, ਜਸਵਿੰਦਰ ਸਿੰਘ ਉਰਫ ਨਿੱਕਾ, ਅਕਾਸ਼ਦੀਪ ਸਿੰਘ ਉਰਫ ਬੱਬਲ, ਬੋਹੜ ਸਿੰਘ ਅਤੇ ਬੂਟਾ ਸਿੰਘ ਉਰਫ ਬਾਲਾ ਵਾਸੀ ਪਿੰਡ ਪੰਜਗਰਾਈਂ ਕਲਾਂ ਵਜੋਂ ਹੋਈ ਹੈ, ਜਿਨ੍ਹਾਂ ਵਿਰੁੱਧ ਸਦਰ ਥਾਣਾ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਐਸਐਚਓ ਥਾਣਾ ਸਦਰ ਇੰਸਪੈਕਟਰ ਗੁਰਾਂਦਿੱਤਾ ਸਿੰਘ ਅਤੇ ਪੰਜਗਰਾਈਂ ਕਲਾਂ ਪੁਲਿਸ ਚੌਕੀ ਇੰਚਾਰਜ ਏਐਸਆਈ ਨਵਦੀਪ ਸਿੰਘ ਦੀ ਨਿਗਰਾਨੀ ਹੇਠ ਗਸ਼ਤ ਅਤੇ ਚੈਕਿੰਗ ਦੌਰਾਨ, ਏਐਸਆਈ ਸੁਖਚੈਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਕਿ ਇੱਕ ਗਿਰੋਹ ਦੇ ਕੁਝ ਲੋਕ ਪਿੰਡ ਪੰਜਗਰਾਈਂ ਤੋਂ ਸਿਬੀਆਂ ਜਾਂਦੇ ਰਸਤੇ ਵਿੱਚ ਇੱਕ ਸੁੰਨਸਾਨ ਜਗ੍ਹਾ ‘ਤੇ ਬੈਠੇ ਹਨ ਅਤੇ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਹਨ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਛਾਪਾ ਮਾਰ ਕੇ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।ਮੁਲਜ਼ਮਾਂ ਤੋਂ ਇੱਕ ਕਿਰਪਾਨ, ਇੱਕ ਖੰਡਾ, ਇੱਕ ਛੈਣੀ ਅਤੇ ਹੋਰ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ।