ਗੁਰਦੁਵਾਰਾ ਗੁਰੂ ਰਾਮ ਦਾਸ ਦਰਬਾਰ ਕੈਲਗਰੀ ਵਿਖ਼ੇ ਸਰਬ ਰੋਗ ਕਾ ਅਉਖਦੁ ਨਾਮ ਮਿਸ਼ਨ ਵੱਲੋਂ ਆਰੰਭ ਕੀਤੇ ਰੋਗ ਨਿਵਾਰਨ ਕੈਂਪ ਕੈਲਗਰੀ ਦੇ ਦੂਜੇ ਦਿਨ ਮਿਸ਼ਨ ਦੇ ਮੁੱਖ ਸੇਵਾਦਾਰ ਸਰਦਾਰ ਹਰਦਿਆਲ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਮਾਤਮਾਂ ਦੇ ਗੁਣਾਂ ਨੂੰ ਗਾਉਂਦੇ ਗਾਉਂਦੇ, ਉਹੀ ਗੁਣ ਸਾਡੇ ਅੰਦਰ ਪ੍ਰਗਟ ਹੋ ਜਾਂਦੇ ਹਨ
ਗੁਰਦੀਸ਼ ਕੌਰ ਗਰੇਵਾਲ
ਕੈਲਗਰੀ,21 ਜੁਲਾਈ – ਸਰਬ ਰੋਗ ਕਾ ਅਉਖਦੁ ਨਾਮ ਮਿਸ਼ਨ ਦਾ ਦੂਜੇ ਦਿਨ ਦਾ ਸਮਾਗਮ ਵਿੱਚ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਪੁੱਜੀਆਂ । ਮਿਸ਼ਨ ਦੇ ਨਿਸ਼ਕਾਮ ਸੇਵਾਦਾਰਾਂ ਨੇ ਵਾਰੀ ਵਾਰੀ ਸ਼ਬਦ ਜਾਪ ਕਰਵਾਇਆ ਅਤੇ ਕੈਂਪਾਂ ਦੇ ਅਨੁਭਵ ਸਾਂਝੇ ਕੀਤੇ। ਸੰਗਤ ਵਿੱਚੋਂ ਇੱਕ ਕੈਂਸਰ ਮਰੀਜ਼, ਇਕ ਸੀਲੀਅਕ ਡਿਜੀਜ ਵਾਲੇ, ਇੱਕ ਜੋੜਾਂ ਦੀਆਂ ਦਰਦਾਂ ਵਾਲੀ ਬੀਬੀ, ਇੱਕ ਰਜਾਇਨਾ ਤੋਂ ਆਏ ਭਾਈ ਸਾਹਿਬ ਨੇ, ਇਹਨਾਂ ਕੈਂਪਾਂ ਨਾਲ ਜੁੜ ਕੇ ਪ੍ਰਾਪਤ ਹੋਏ ਲਾਭ ਦੀ ਆਪ ਬੀਤੀ ਸੰਗਤ ਨਾਲ ਸਾਂਝੀ ਕੀਤੀ। 
ਮਿਸ਼ਨ ਦੇ ਮੁੱਖ ਸੇਵਾਦਾਰ ਸਰਦਾਰ ਹਰਦਿਆਲ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਗੁਰਸਿੱਖ ਵੀਰ ਭੈਣਾਂ ਨੂੰ ਆਪਣੇ ਅੰਦਰ ਗੁਣ ਪੈਦਾ ਕਰਨ ਦੀਆਂ ਵਿਧੀਆਂ ਦੱਸੀਆਂ। ਉਹਨਾਂ ਅਨੁਸਾਰ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਗਾਉਂਦੇ, ਉਹੀ ਗੁਣ ਸਾਡੇ ਅੰਦਰ ਪ੍ਰਗਟ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਜਿਹੜਾ ਗੁਣ ਤੁਸੀਂ ਆਪਣੇ ਵਿੱਚ ਪੈਦਾ ਕਰਨਾ ਚਾਹੁੰਦੇ ਹੋ, ਤੁਸੀਂ ਉਸ ਨਾਲ ਸੰਬੰਧਿਤ ਗੁਰਬਾਣੀ ਦੇ ਫੁਰਮਾਨ ਗਾਉਣਾ ਸ਼ੁਰੂ ਕਰ ਦਿਓ, ਗੁਣ ਆਪਣੇ ਆਪ ਤੁਹਾਡੇ ਅੰਦਰ ਆ ਜਾਏਗਾ। ਜਿਵੇਂ ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤ।। ਜੇ ਹਰ ਰੋਜ 10 15 ਵਾਰੀ ਇਕਾਗਰ ਚਿੱਤ ਹੋ ਕੇ, ਗਾਇਆ ਜਾਵੇ ਤਾਂ ਤੁਹਾਡੇ ਬੋਲਾਂ ਵਿੱਚ ਮਿਠਾਸ ਆ ਜਾਏਗੀ। ਨਾਲ ਹੀ ਉਹਨਾਂ ਨੇ ਦੁੱਖਾਂ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਉਹਨਾਂ ਨਾਲ ਸੰਬੰਧਤ ਤੁਕਾਂ ਨੂੰ ਬਾਰ ਬਾਰ ਜਪਣ ਦੀ ਤਾਕੀਦ ਵੀ ਕੀਤੀ।

ਬਾਅਦ ਦੁਪਹਿਰ ਡੇਢ ਵਜੇ ਤੋਂ ਸਵਾ ਛੇ ਤੱਕ ਚੱਲੇ, ਇਸ ਸਮਾਗਮ ਦਾ ਸੰਗਤਾਂ ਨੇ ਭਰਪੂਰ ਆਨੰਦ ਮਾਣਿਆਂ।

