ਅਲਾਸਕਾ ਨੇੜੇ ਇੱਕ ਵੱਡਾ ਸਮੁੰਦਰੀ ਹਾਦਸਾ ਵਾਪਰਿਆ ਹੈ, ਜਿਸ ਵਿੱਚ ਇਲੈਕਟ੍ਰਿਕ ਵਾਹਨਾਂ ਵਿੱਚ ਅੱਗ ਲੱਗਣ ਨਾਲ ਇੱਕ ਪੂਰਾ ਕਾਰਗੋ ਜਹਾਜ਼ ਸਮੁੰਦਰ ਵਿੱਚ ਡੁੱਬ ਗਿਆ। ਇਹ ਹਾਦਸਾ ‘ਮੌਰਨਿੰਗ ਮਿਡਾਸ’ ਨਾਮ ਦੇ ਜਹਾਜ਼ ‘ਤੇ ਵਾਪਰਿਆ, ਜੋ ਚੀਨ ਤੋਂ ਮੈਕਸੀਕੋ ਲਗਭਗ 3,000 ਵਾਹਨ ਲੈ ਕੇ ਜਾ ਰਿਹਾ ਸੀ। ਇਸ ਜਹਾਜ਼ ਵਿੱਚ ਲਗਭਗ 800 ਇਲੈਕਟ੍ਰਿਕ ਵਾਹਨ ਵੀ ਸਨ।
ਬਲੂਮਬਰਗ ਨਿਊਜ਼ ਦੀ ਰਿਪੋਰਟ ਅਨੁਸਾਰ, ਇਹ ਹਾਦਸਾ 3 ਜੂਨ ਨੂੰ ਉਦੋਂ ਹੋਇਆ ਜਦੋਂ ਜਹਾਜ਼ ਅਲਾਸਕਾ ਤੋਂ 300 ਮੀਲ (ਲਗਭਗ 490 ਕਿਲੋਮੀਟਰ) ਦੱਖਣ-ਪੱਛਮ ਵਿੱਚ ਸੀ। ਜਹਾਜ਼ ਦੇ ਡੈੱਕ ਤੋਂ ਧੂੰਆਂ ਉੱਠਦਾ ਦੇਖਿਆ ਗਿਆ, ਜਿਸ ਤੋਂ ਬਾਅਦ ਅੱਗ ਤੇਜ਼ੀ ਨਾਲ ਫੈਲ ਗਈ। ਭਾਰੀ ਮੌਸਮ ਅਤੇ ਪਾਣੀ ਅੰਦਰ ਜਾਣ ਕਾਰਨ ਸਥਿਤੀ ਵਿਗੜ ਗਈ ਅਤੇ ਅੰਤ ਵਿੱਚ 23 ਜੂਨ ਨੂੰ ਜਹਾਜ਼ ਡੁੱਬ ਗਿਆ।
ਜਹਾਜ਼ ਦੀ ਪ੍ਰਬੰਧਨ ਕੰਪਨੀ ਜ਼ੋਡੀਅਕ ਮੈਰੀਟਾਈਮ ਨੇ ਕਿਹਾ ਕਿ ਪਹਿਲਾਂ ਉਸ ਡੈੱਕ ਤੋਂ ਧੂੰਆਂ ਨਿਕਲਿਆ ਜਿੱਥੇ ਇਲੈਕਟ੍ਰਿਕ ਵਾਹਨ ਰੱਖੇ ਗਏ ਸਨ। ਅੱਗ ਇੰਨੀ ਭਿਆਨਕ ਸੀ ਕਿ ਜਹਾਜ਼ ‘ਤੇ ਸਵਾਰ ਚਾਲਕ ਦਲ ਨੂੰ ਇੱਕ ਬਚਾਅ ਕਿਸ਼ਤੀ ਰਾਹੀਂ ਬਾਹਰ ਕੱਢਣਾ ਪਿਆ। ਰਾਹਤ ਦੀ ਗੱਲ ਇਹ ਸੀ ਕਿ ਸਾਰੇ 22 ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ।
ਜਹਾਜ਼ ਚੀਨ ਤੋਂ ਮੈਕਸੀਕੋ ਜਾ ਰਿਹਾ ਸੀ
‘ਮੌਰਨਿੰਗ ਮਿਡਾਸ’ ਜਹਾਜ਼ 600 ਫੁੱਟ (183 ਮੀਟਰ) ਲੰਬਾ ਸੀ ਅਤੇ 2006 ਵਿੱਚ ਬਣਾਇਆ ਗਿਆ ਸੀ ਅਤੇ 26 ਮਈ ਨੂੰ ਚੀਨ ਦੇ ਯਾਂਤਾਈ ਤੋਂ ਰਵਾਨਾ ਹੋਇਆ ਸੀ। ਇਸਦੀ ਮੰਜ਼ਿਲ ਮੈਕਸੀਕੋ ਵਿੱਚ ਇੱਕ ਵੱਡੀ ਬੰਦਰਗਾਹ ਸੀ।
ਤਸਵੀਰਾਂ – ਸੋਸ਼ਲ ਮੀਡੀਆ / X / ਫੇਸਬੁੱਕ ਦੇ ਧੰਨਵਾਦ ਨਾਲ
