ਅੱਜ ਪੰਚਮ ਪਾਤਿਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ‘ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਕਵਿਤਾ ਸ਼ੀਸ਼ਾ ਸਵਾਲ ਕਰਦਾ ਹੈ 

ਪ੍ਰੋ. ਗੁਰਭਜਨ ਸਿੰਘ ਗਿੱਲ

ਲਾਹੌਰ ਵਿੱਚ ਸ਼ਾਹੀ ਕਿਲ੍ਹੇ ਸਾਹਮਣੇ ਗੁਰਦੁਆਰਾ ਡੇਰਾ ਸਾਹਿਬ ਅੱਜ ਵੀ ਸਾਨੂੰ ਸ਼ਹੀਦੀ ਯਾਦਗਾਰ ਵਜੋਂ ਜ਼ੁੰਬਸ਼ ਤੇ ਇਤਿਹਾਸ ਚੇਤਨਾ ਦਿੰਦਾ ਹੈ। ਰ ਮ ਸਿੰਘ ਦੀ ਬਣਾਈ ਇਹ ਪੇਂਟਿੰਗ ਗੁਰੂ ਜੀ ਦੀ ਕੁਰਬਾਨੀ ਤੇ ਗੁਰਬਾਣੀ ਸੇਵਾ ਨੂੰ ਸਮਰਪਿਤ ਹੈ। ਕ ਕ ਬਾਵਾ ਜੀ ਦੀ ਪ੍ਰੇਰਨਾ ਨਾਲ ਮੁੱਲਾਂਪੁਰ ਤੋਂ ਰਾਏਕੋਟ ਜਾਂਦਿਆਂ ਰਸਤੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਭਵਨ ਅੰਦਰ “ਸ਼ਬਦ ਪ੍ਰਕਾਸ਼ ਅਜਾਇਬ ਘਰ “ਰਕਬਾ(ਲੁਧਿਆਣਾ) ਅੰਦਰ ਇਹ ਚਿੱਤਰ ਸੁਭਾਇਮਾਨ ਹੈ। ਸ਼ਹੀਦੀ ਦਿਵਸ ਨੂੰ ਚਿਤਵਦਿਆਂ ਮੈਂ ਇਹ ਕਵਿਤਾ ਪੰਜ ਕੁ ਸਾਲ ਪਹਿਲਾਂ ਲਾਹੌਰ ਵਿੱਚ ਕਿਲ੍ਹੇ ਸਾਹਮਣੇ ਬਹਿ ਕੇ ਲਿਖੀ ਸੀ ਜੋ ਮੇਰੀ ਕਿਤਾਬ “ਚਰਖ਼ੜੀ” ਵਿੱਚ ਸ਼ਾਮਿਲ ਹੈ। ਅੱਜ ਦੇ ਦਿਨ ਨੂੰ ਸਮਰਪਿਤ ਇਹ ਕਵਿਤਾ ਹਾਜ਼ਰ ਹੈ।

 

ਸ਼ੀਸ਼ਾ ਸਵਾਲ ਕਰਦਾ ਹੈ 

▪️ ਗੁਰਭਜਨ ਗਿੱਲ

ਲਾਹੌਰ ਸ਼ਹਿਰ ’ਚ,

ਸ਼ਾਹੀ ਕਿਲ੍ਹੇ ਸਾਹਮਣੇ,

ਗੁਰੂਦੁਆਰਾ ਡੇਰਾ ਸਾਹਿਬ ਵਿੱਚ,

ਵੱਡਾ ਸਾਰਾ,

ਅੰਬਰ ਜੇਡਾ ਸ਼ੀਸ਼ਾ ਲੱਗਾ ਹੈ ।

ਜਿਸ ’ਚ ਜਹਾਂਗੀਰ ਹਰ ਰੋਜ਼,

ਆਪਣਾ ਚਿਹਰਾ ਨਿਹਾਰਦਾ ।

ਖ਼ੁਦ ਨੂੰ ਫਿਟਕਾਰਦਾ,

ਕੁਝ ਏਦਾਂ ਮੂੰਹੋਂ ਉਚਾਰਦਾ ਹੈ ।

 

ਜਿਸ ਸ਼ਬਦ ਨੂੰ,

ਮੈਂ ਤੱਤੀ ਤਵੀ ਤੇ ਬਿਠਾਇਆ ।

ਹਰ ਜ਼ੁਲਮ ਕਮਾਇਆ ।

ਉਹ ਅੱਜ ਵੀ ਸਹਿਜਮਤੇ ਠੰਢ ਵਰਤਾਵੇ ।

ਦੁਹਾਈ ਓ ਮੇਰੇ ਅੱਲ੍ਹਾ ਦੀ ਦੁਹਾਈ,

ਮੈਨੂੰ ਇਹ ਗੱਲ ਸਮਝ ਨਾ ਆਵੇ ।

 

ਸ਼ਹਿਰ ਲਾਹੌਰੋਂ,

ਬਰਫ਼ ਦੇ ਘਰ ਕਸ਼ਮੀਰ ’ਚ ਜਾ ਕੇ ਵੀ,

ਅੱਗ ਮੇਰੇ ਨਾਲ ਨਾਲ ਤੁਰੀ ਆਈ ।

ਹਿੱਕ ’ਚ ਬਲਦੀ ਹੈ,

ਉਦੋਂ ਦੀ ਚਵਾਤੀ ਲਾਈ ।

ਏਨੀਆਂ ਸਦੀਆਂ ਬਾਅਦ,

ਪੁਸ਼ਤ ਦਰ ਪੁਸ਼ਤ,

ਇਹੀ ਅੱਗ ਮੇਰਾ ਅੱਜ ਵੀ ਪਿੱਛਾ ਕਰਦੀ ।

ਜਬਰ ਜ਼ੁਲਮ ਤੋਂ ਭੋਰਾ ਵੀ ਨਾ ਡਰਦੀ ।

ਭਾਣਾ ਮਿੱਠਾ ਕਰ ਮੰਨਦੀ,

ਸਵਾਸ ਸਵਾਸ ਹਰ ਹਰ ਕਰਦੀ,

ਇਹੀ ਆਖਦੀ ਹੈ,

ਜਹਾਂਗੀਰ! ਸੱਤਾ ਨਾਲ ਬਗਲਗੀਰ! ਭੁੱਲੀਂ ਨਾ ।

ਬਾਦਸ਼ਾਹਾਂ ਦੀ ਬਦੀ ਚੂਸਦੀ ਹੈ ਰੱਤ,

ਪਰ,

ਪਾਤਿਸ਼ਾਹ ਸਾਂਭਦੇ ਨੇ ਅਣਖ਼ੀਲੀ ਪੱਤ ।

 

ਵਕਤ! ਮੈਨੂੰ ਮੁਆਫ਼ ਕਰੀਂ,

ਮੈਂ ਤੱਤੀ ਤਵੀ, ਬਲ਼ਦੀ ਰੇਤ,

ਤੇ ਵਗਦੀ ਰਾਵੀ ’ਚ,

ਹਰ ਰੋਜ਼ ਤਪਦਾ, ਸੜਦਾ ਤੇ ਡੁੱਬਦਾ ਹਾਂ ।

ਕਿਲ੍ਹੇ ’ਚੋਂ ਹਰ ਰੋਜ਼ ਨਿਕਲਦਿਆਂ,

ਸ਼ੀਸ਼ਾ ਮੈਨੂੰ ਅਨੇਕਾਂ ਸੁਆਲ ਕਰਦਾ ਹੈ ।

ਹਾਲੋਂ ਬੇਹਾਲ ਕਰਦਾ ਹੈ,

ਸਾਰਾ ਦਿਨ ਪਿੱਛਾ ਨਹੀਂ ਛੱਡਦਾ ।

ਬੇਹੱਦ ਨਿਢਾਲ ਕਰਦਾ ਹੈ ।

 

ਸਵਾਲ ਦਰ ਸਵਾਲ ਕਰਦਾ ਸ਼ੀਸ਼ਾ,

ਬੇਜਿਸਮ ਹੈ,

ਮੈਥੋਂ ਟੁੱਟਦਾ ਨਹੀਂ ।

ਨਿਰਾਕਾਰ ਹੈ,

ਭੋਰਾ ਵੀ ਫੁੱਟਦਾ ਨਹੀਂ ।

ਇਹ ਸ਼ੀਸ਼ਾ ਮੈਨੂੰ ਸੌਣ ਨਹੀਂ ਦਿੰਦਾ।

🟩