ਯੂਨਾਈਟਿਡ ਸਾਈਕਲ ਐਂਡ ਪਾਰਟਸ ਮਨੂਫੈਕਚ੍ਰਰਜ਼ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਨੂੰ ਕਿਹਾ ਦੇਸ਼ ਦੇ ਉਦਯੋਗ ਨੂੰ ਬਚਾਉਣ ਲਈ ਚੀਨ ਨਾਲ ਕਾਰੋਬਾਰ ‘ਤੇ ਰੋਕ ਲਾਵੇ

ਨਿਊਜ਼ ਪੰਜਾਬ

ਲੁਧਿਆਣਾ , 13 ਜੁਲਾਈ – ਯੂਨਾਈਟਿਡ ਸਾਈਕਲ ਐਂਡ ਪਾਰਟਸ ਮਨੂਫੈਕਚ੍ਰਰਜ਼ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਦੇਸ਼ ਦੇ ਸਾਈਕਲ ਉਦਯੋਗ ਨੂੰ ਬਚਾਉਣ ਲਈ ਚੀਨ ਨਾਲ ਸਾਈਕਲ ਦਾ ਕਾਰੋਬਾਰ ਬੰਦ ਕੀਤਾ ਜਾਵੇ | ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਜੈਮਕੋ , ਮੀਤ ਪ੍ਰਧਾਨ ਸਤਨਾਮ ਸਿੰਘ ਮੱਕੜ , ਜਨਰਲ ਸਕੱਤਰ ਮਨਜਿੰਦਰ ਸਿੰਘ ਸਚਦੇਵਾ , ਕੈਸ਼ੀਅਰ ਅੱਛਰੂ ਰਾਮ ਗੁਪਤਾ , ਪ੍ਰਾਪੇਗੰਡਾ ਸਕੱਤਰ ਰਾਜਿੰਦਰ ਸਿੰਘ ਸਰਹਾਲੀ ਅਤੇ ਜੁਇੰਟ ਸਕੱਤਰ ਵਲੈਤੀ ਰਾਮ ਦੁਰਗਾ ਨੇ ਯੂ ਸੀ ਪੀ ਐਮ ਏ ਦੇ ਦਫਤਰ ਵਿੱਚ ਕੀਤੀ ਮੀਟਿੰਗ ਉਪਰੰਤ ਦੱਸਿਆ ਕਿ ਚੀਨ ਤੋਂ ਮੰਗਵਾਏ ਜਾ ਰਹੇ ਸਾਈਕਲ ਅਤੇ ਪਾਰਟਸ ਨਾਲ ਇੰਡੀਆ ਮਾਰਕੀਟ ਨੂੰ ਵੱਡਾ ਆਰਥਿਕ ਨੁਕਸਾਨ ਪਹੁੰਚ ਰਿਹਾ ਹੈ |

ਐਸੋਸੀਏਸ਼ਨ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਚਦੇਵਾ ਨੇ ਕਿਹਾ ਕਿ ਇਸ ਸਬੰਧੀ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਸੋਮ ਪਰਕਾਸ਼ ਨੂੰ ਇੱਕ ਪੱਤਰ ਭੇਜ ਕੇ ਮੰਗ ਕੀਤੀ ਗਈ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਸੰਕਟ ਵਿੱਚ ਆਏ ਐਮ ਐਸ ਐਮ ਈ ਉਦਯੋਗ ਨੂੰ ਸਹਾਰਾ ਦੇਣ ਵਾਸਤੇ ਚੀਨ ਤੋਂ ਮੰਗਵਾਏ ਜਾ ਰਹੇ ਸਾਈਕਲ ਅਤੇ ਸਾਈਕਲ ਦੇ ਪਾਰਟਸ ਉਪਰ ਰੋਕ ਲਈ ਜਾਵੇ | ਉਨ੍ਹਾਂ ਕਿਹਾ ਕਿ ਦੇਸ਼ ਚੀਨ ਦੀ ਭਰੋਸਗੀ ਤੇ ਕਦੇ ਵੀ ਵਿਸ਼ਵਾਸ਼ ਨਹੀਂ ਕਰ ਸਕਦਾ ਦੂਜੇ ਪਾਸੇ ਅਸੀ ਉਸ ਦੇ ਉਤਪਾਦਨ ਖਰੀਦ ਕੇ ਚੀਨ ਨੂੰ ਆਰਥਿਕ ਲਾਭ ਪਹੁੰਚਾ ਰਹੇ ਹਾਂ |

ਐਸੋਸੀਏਸ਼ਨ ਨੇ ਕਿਹਾ ਕਿ ਜਦੋ ਸਾਈਕਲ ਅਤੇ ਸਾਈਕਲ ਦੇ ਸਾਰੇ ਪੁਰਜ਼ੇ ਦੇਸ਼ ਵਿੱਚ ਹੀ ਬਣ ਰਹੇ ਹਨ ਤਾ ਚੀਨ ਤੋਂ ਮੰਗਵਾਉਣ ਤੇ ਪਾਬੰਧੀ ਲਗਣੀ ਚਾਹੀਦੀ ਹੈ ਅਤੇ ਜਿਹੜਾ ਉਤਪਾਦਨ ਰੋਕਿਆ ਨਹੀਂ ਜਾ ਸਕਦਾ ਉਸ ਉਪਰ ਕਸਟਮ ਡਿਊਟੀ ਦਸ ਗੁਣਾਂ ਵਧਾ ਦਿੱਤੀ ਜਾਵੇ | ਐਸੋਸੀਏਸ਼ਨ ਨੇ ਕਿਹਾ ਕਿ ਲੁਧਿਆਣਾ ਦਾ ਐਮ ਐਸ ਐਮ ਈ ਸਾਈਕਲ ਉਦਯੋਗ ਸਾਈਕਲ ਅਤੇ ਸਾਈਕਲ ਦੇ ਪਾਰਟਸ ਬਣਾਉਣ ਦੀ ਸਮਰੱਥਾ ਰੱਖਦਾ ਹੈ ਅਤੇ ਕਿਸੇ ਤਰ੍ਹਾਂ ਦੀ ਤੋਟ ਨਹੀਂ ਆਉਣ ਦੇਵੇਗਾ I