ਰਜਿੰਦਰਾ ਹਸਪਤਾਲ ਦੀ ਕੋਵਿਡ ਆਈ.ਸੀ.ਯੂ. ‘ਚ ਗੁਰਦਾ ਰੋਗ ਤੋਂ ਪੀੜਤ ਕੋਰੋਨਾ ਪਾਜਿਟਿਵ ਮਰੀਜ ਦਾ ਸਫ਼ਲਤਾ ਪੂਰਵਕ ਡਾਇਲਸਿਸ ਕੀਤਾ

News Punjab

ਮੈਡੀਕਲ ਸੁਪਰਡੈਂਟ ਨੇ ਦੱਸਿਆ ਕਿ ਕੋਵਿਡ ਆਈਸੋਲੇਸ਼ਨ ਵਾਰਡ ਵਿਖੇ ਗੰਭੀਰ ਹਾਲਤ ‘ਚ ਲਿਆਂਦੀ ਗਈ ਸੰਗਰੂਰ ਜ਼ਿਲ੍ਹੇ ਦੀ ਇਸ ਮਹਿਲਾ ਮਰੀਜ ਨੂੰ ਡਾਕਟਰਾਂ ਨੇ ਇਸਦੀ ਹਾਲਤ ਦੇਖਦਿਆਂ ਤੁਰੰਤ ਆਕਸੀਜਨ ਲਗਾਈ ਅਤੇ ਦਵਾਈਆਂ ਦੇ ਕੇ ਸਥਿਰ ਕੀਤਾ। ਇਸੇ ਦੌਰਾਨ ਆਈਸੋਲੇਸ਼ਨ ਦੀਆਂ ਡਾਇਲਸਿਸ ਟੀਮਾਂ ਨੂੰ ਤਿਆਰ ਕੀਤਾ ਗਿਆ ਅਤੇ ਮਰੀਜ ਦੀ ਹਾਲਤ ਵੇਖਦੇ ਹੋਏ ਅੱਜ ਸਵੇਰੇ ਤੁਰੰਤ ਇਸਦਾ ਡਾਇਲਸਿਸ ਅਰੰਭ ਕੀਤਾ ਗਿਆ। ਸੀਨੀਅਰ ਡਾਕਟਰਾਂ ਦੀ ਨਿਗਰਾਨੀ ਹੇਠ ਇਸ ਕੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਇਆ ਗਿਆ। ਉਨ੍ਹਾਂ ਦੱਸਿਆ ਕਿ ਅਜਿਹੇ ਮਰੀਜਾਂ ਲਈ ਕੋਵਿਡ-19 ਦਾ ਪਾਜਿਟਿਵ ਹੋਣਾ ਬਹੁਤ ਗੰਭੀਰ ਮੰਨਿਆਂ ਜਾਂਦਾ ਹੈ ਪਰੰਤੂ ਡਾਕਟਰਾਂ ਦੀ ਮਿਹਨਤ ਸਦਕਾ ਮਰੀਜ ਦੀ ਜਾਨ ਬਚ ਗਈ।

 

ਨਿਊਜ਼ ਪੰਜਾਬ

ਪਟਿਆਲਾ, 12 ਜੁਲਾਈ: ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਕੋਵਿਡ-19 ਪਾਜਿਟਿਵ ਮਰੀਜਾਂ ਦੇ ਇਲਾਜ ਲਈ ਸਥਾਪਤ ਕੋਰੋਨਾ ਬਲਾਕ ਦੀ ਕੋਵਿਡ ਆਈ.ਸੀ.ਯੂ. ‘ਚ ਹਸਪਤਾਲ ਦੇ ਡਾਕਟਰਾਂ ਨੇ ਅੱਜ ਇੱਕ ਗੁਰਦਾ ਰੋਗ ਤੋਂ ਪੀੜਤ ਅਤੇ ਕੋਰੋਨਾ ਪਾਜਿਟਿਵ 57 ਸਾਲਾ ਮਹਿਲਾ ਮਰੀਜ ਦਾ ਸਫ਼ਲਤਾ ਪੂਰਵਕ ਡਾਇਲਸਿਸ ਕੀਤਾ।
ਸਰਕਾਰੀ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਫੈਸਲਿਟੀ ਟੀਮਾਂ ਦੇ ਇੰਚਾਰਜ ਅਤੇ ਮੈਂਬਰ ਡਾਕਟਰਾਂ ਸਮੇਤ ਪੈਰਾ ਮੈਡੀਕਲ ਅਮਲਾ ਤੇ ਹੈਲਥ ਵਰਕਰਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਨੂੰ ਹਰਾਉਣ ਲਈ ਅਰੰਭੀ ਜੰਗ ‘ਮਿਸ਼ਨ ਫ਼ਤਿਹ’ ਦੀ ਸਫ਼ਲਤਾ ਲਈ 24 ਘੰਟੇ ਅਤੇ ਸੱਤੇ ਦਿਨ ਤਤਪਰ ਹਨ। ਉਨ੍ਹਾਂ ਦੱਸਿਆ ਕਿ ਕੋਵਿਡ ਵਾਰਡ ‘ਚ ਹੁਣ ਤੱਕ 356 ਮਰੀਜ ਦਾਖਲ ਹੋਏ ਜਿਨ੍ਹਾਂ ‘ਚੋਂ 250 ਮਰੀਜ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ ਜਦੋਂ ਕਿ ਇਸ ਸਮੇਂ ਇੱਥੇ 88 ਮਰੀਜ ਇਲਾਜ ਅਧੀਨ ਹਨ।
ਡਾ. ਪਾਂਡਵ ਨੇ ਦੱਸਿਆ ਕਿ 57 ਸਾਲਾ ਮਹਿਲਾ ਮਰੀਜ ਪਹਿਲਾਂ ਬੱਚੇਦਾਨੀ ਦੇ ਕੈਂਸਰ ਤੋਂ ਪੀੜਤ ਸੀ ਅਤੇ ਬਾਅਦ ‘ਚ ਗੁਰਦੇ ਰੋਗ ਤੋਂ ਪੀੜਤ ਹੋਣ ਕਰਕੇ ਹਫ਼ਤੇ ‘ਚ ਦੋ ਵਾਰ ਲਗਾਤਾਰ ਡਾਇਲਸਿਸ ਕਰਵਾ ਰਹੀ ਸੀੇ। 11 ਜੁਲਾਈ ਨੂੰ ਇਹ ਮਹਿਲਾ ਕੋਵਿਡ ਪਾਜਿਟਿਵ ਪਾਈ ਗਈ ਅਤੇ ਇਸ ਨੂੰ ਗੰਭੀਰ ਹਾਲਤ ‘ਚ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਰੈਫ਼ਰ ਕੀਤਾ ਗਿਆ।

ਡਾ. ਪਾਰਸ ਪਾਂਡਵ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਮੰਤਰੀ ਸ੍ਰੀ ਓ.ਪੀ. ਸੋਨੀ ਦੀ ਦੇਖ-ਰੇਖ ਹੇਠ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ, ਡਾਇਰੈਕਟਰ ਡਾ. ਅਬਨੀਸ਼ ਕੁਮਾਰ ਅਤੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਰਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਦੀ ਕਾਰਗੁਜ਼ਾਰੀ ਦਾ ਨਿਯਮਤ ਤੌਰ ‘ਤੇ ਜਾਇਜ਼ਾ ਲੈਂਦੇ ਰਹਿੰਦੇ ਹਨ।
****
ਫੋਟੋ ਕੈਪਸ਼ਨ-ਸਰਕਾਰੀ ਰਜਿੰਦਰਾ ਹਸਪਤਾਲ ਦੀ ਕੋਵਿਡ-19 ਆਈਸੋਲੇਸ਼ਨ ਆਈ.ਸੀ.ਯੂ. ਵਿਖੇ ਗੁਰਦਾ ਰੋਗ ਤੋਂ ਪੀੜਤ ਰੋਗੀ ਕੋਵਿਡ ਪਾਜਿਟਿਵ ਦਾ ਡਾਇਲਸਿਸ ਕਰਦੀ ਹੋਈ ਡਾਕਟਰਾਂ ਦੀ ਟੀਮ।